ਦੂਜੀ ਕੌਸਲਿੰਗ ’ਚ ਐਮ.ਬੀ.ਬੀ.ਐਸ. ਤੇ ਬੀ.ਡੀ.ਐਸ. ਦੀਆਂ ਐਨ.ਆਰ.ਆਈ. ਕੋਟਾ ਸੀਟਾਂ ਲਈ ਕੇਵਲ 6 ਅਰਜ਼ੀਆਂ
ਫ਼ਰੀਦਕੋਟ, 9 ਸਤੰਬਰ (ਜਸਵੰਤ ਸਿੰਘ ਪੁਰਬਾ)- ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਵਲੋਂ ਸਾਲ 2027-28 ਦੇ ਐਮ. ਬੀ.
ਫ਼ਰੀਦਕੋਟ, 9 ਸਤੰਬਰ (ਜਸਵੰਤ ਸਿੰਘ ਪੁਰਬਾ)- ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਵਲੋਂ ਸਾਲ 2027-28 ਦੇ ਐਮ.ਬੀ.ਬੀ.ਐਸ. ਤੇ ਬੀ.ਡੀ.ਐਸ. ਦਾਖਲਿਆਂ ਦੇ ਐਨ.ਆਰ.ਆਈ. ਕੋਟੇ ਦੀਆਂ 381 ਸੀਟਾਂ ਲਈ ਦੂਜੀ ਕੌਂਸਲਿੰਗ ’ਚ ਕੇਵਲ 6 ਉਮੀਦਵਾਰਾਂ ਦੀਆਂ ਅਰਜ਼ੀਆਂ ਦਾਖਲਿਆਂ ਲਈ ਆਈਆਂ ਹਨ । ਇਨ੍ਹਾਂ ਸੀਟਾਂ ’ਚ 167 ਸੀਟਾਂ ਪੰਜਾਬ ਦੇ 12 ਮੈਡੀਕਲ ਕਾਲਜਾਂ ਦੀਆਂ ਐਮ.ਬੀ.ਬੀ.ਐਸ. ਅਤੇ 214 ਸੀਟਾਂ ਬੀ.ਡੀ.ਐਸ. ਰਾਜ ਦੇ 14 ਡੈਂਟਲ ਕਾਲਜਾਂ ਨਾਲ ਸਬੰਧਿਤ ਹਨ । ਦੂਜੀ ਕੌਂਸਲਿੰਗ ਵਿਚ ਇਨ੍ਹਾਂ ਸੀਟਾਂ ਪ੍ਰਤੀ ਘੱਟ ਰੁਝਾਨ ਵੇਖਣ ਨੂੰ ਮਿਲਿਆ ਹੈ । ਯੂਨੀਵਰਸਿਟੀ ਵਲੋਂ ਕਰਵਾਈ ਗਈ ਪਹਿਲੀ ਕੌਂਸਲਿੰਗ ਵਿਚ 63 ਅਰਜ਼ੀਆਂ 431 ਸੀਟਾਂ ਲਈ ਆਈਆਂ ਸਨ। ਜਿਨ੍ਹਾਂ ਵਿਚ 50 ਉਮੀਦਵਾਰਾਂ ਨੇ ਦਾਖਲਾ ਲਿਆ । ਐਮ.ਬੀ.ਬੀ.ਐਸ. ’ਚ 47 ਅਤੇ ਬੀ.ਡੀ.ਐਸ. ’ਚ 3 ਉਮੀਦਵਾਰਾਂ ਨੇ ਦਾਖਲਾ ਲਿਆ ਹੈ । ਮੈਡੀਕਲ ਤੇ ਡੈਂਟਲ ਕਾਲਜਾਂ ਲਈ ਐਨ.ਆਰ.ਆਈ. ਕੋਟੇ ਦੀਆਂ ਸੀਟਾਂ ਦੀਆਂ ਫ਼ੀਸਾਂ ਖਾਸ ਮਹੱਤਵ ਰੱਖਦੀਆਂ ਹਨ ਕਿਉਂਕਿ ਇਕ ਵੱਡਾ ਮਾਲੀਆ ਇਕੱਠਾ ਹੁੰਦਾ ਹੈ । ਐਨ.ਆਰ.ਆਈ. ਕੋਟਾ ਸੀਟਾਂ ਐਮ.ਬੀ.ਬੀ.ਐਸ. ਦਾਖਲਿਆਂ ਲਈ 1 ਲੱਖ ਡਾਲਰ ਤੋਂ ਉੱਪਰ ਅਤੇ ਬੀ.ਡੀ.ਐਸ. ਲਈ 44 ਹਜ਼ਾਰ ਡਾਲਰ ਰੱਖੇ ਗਏ ਹਨ । ਇਸ ਵਾਰ ਐਨ.ਆਰ.ਆਈ. ਕੋਟਾ ਸੀਟਾਂ ਵਿਚ ਘੱਟ ਰੁਝਾਨ ਕਾਰਨ ਇਹ ਵੀ ਸਮਝੇ ਜਾ ਰਹੇ ਹਨ ਕਿ ਪੰਜਾਬ ਸਰਕਾਰ ਨੇ ਮੈਡੀਕਲ ਦਾਖਲਿਆਂ ਲਈ ਐਨ.ਆਰ.ਆਈ. ਕੋਟਾ ਸੀਟਾਂ ਲਈ ਰਿਹਾਇਸ਼ ਸਰਟੀਫਿਕੇਟ ਭਾਰਤੀ ਅਬੈਂਸੀਆਂ ਤੋਂ ਲੈਣਾ ਲਾਜ਼ਮੀ ਕਰ ਦਿੱਤਾ ਹੈ ।