19,200 ਸਰਕਾਰੀ ਸਕੂਲਾਂ ’ਚ ਅੱਜ ਹੋਵੇਗੀ ਮੈਗਾ ਮਾਪੇ-ਅਧਿਆਪਕ ਮਿਲਣੀ-ਮੁੱਖ ਮੰਤਰੀ ਭਗਵੰਤ ਮਾਨ
ਚੰਡੀਗੜ੍ਹ, 8 ਅਕਤੂਬਰ (ਪ੍ਰੋ. ਅਵਤਾਰ ਸਿੰਘ) –ਪੰਜਾਬ ਸਰਕਾਰ ਵਲੋਂ ਸੂਬੇ ਦੇ ਸਰਕਾਰੀ ਸਕੂਲਾਂ ’ਚ ਸਿੱਖਿਆ ਪ੍ਰਬੰਧ ਨੂੰ ਹੋਰ ਮਜ਼ਬੂਤ ਕਰਨ ਅਤੇ ਮਾਪਿਆਂ ਦੀ ਸਕੂਲੀ ਪ੍ਰਬੰਧ ਵਿਚ ਭਾਗੀਦਾਰੀ ਵਧਾਉਣ ਲਈ 9 ਅਕਤੂਬਰ ਨੂੰ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ’ਚ ਮੈਗਾ ਮਾਪੇ-ਅਧਿਆਪਕ ਮਿਲਣੀ (ਪੀ.
ਚੰਡੀਗੜ੍ਹ, 8 ਅਕਤੂਬਰ (ਪ੍ਰੋ. ਅਵਤਾਰ ਸਿੰਘ) –ਪੰਜਾਬ ਸਰਕਾਰ ਵਲੋਂ ਸੂਬੇ ਦੇ ਸਰਕਾਰੀ ਸਕੂਲਾਂ ’ਚ ਸਿੱਖਿਆ ਪ੍ਰਬੰਧ ਨੂੰ ਹੋਰ ਮਜ਼ਬੂਤ ਕਰਨ ਅਤੇ ਮਾਪਿਆਂ ਦੀ ਸਕੂਲੀ ਪ੍ਰਬੰਧ ਵਿਚ ਭਾਗੀਦਾਰੀ ਵਧਾਉਣ ਲਈ 9 ਅਕਤੂਬਰ ਨੂੰ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ’ਚ ਮੈਗਾ ਮਾਪੇ-ਅਧਿਆਪਕ ਮਿਲਣੀ (ਪੀ.ਟੀ.ਐਮ.) ਕਰਵਾਈ ਜਾ ਰਹੀ ਹੈ। ਇਸ ਤਹਿਤ ਲਗਭਗ 19,200 ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਕਰਵਾਈ ਜਾਣ ਵਾਲੀ ਇਸ ਮਿਲਣੀ ਵਿਚ ਕਰੀਬ 25 ਲੱਖ ਮਾਪਿਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ‘ਹਰ ਦਿਨ, ਇਕ ਕਦਮ ਅੱਗੇ’ ਵਿਸ਼ੇ ਤਹਿਤ ਹੋਣ ਵਾਲੀ ਇਸ ਮਿਲਣੀ ਦੌਰਾਨ ਅਧਿਆਪਕ ਅਤੇ ਮਾਪੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ, ਹਾਜ਼ਰੀ, ਸਮਰੱਥਾ ਅਤੇ ਸੁਧਾਰ ਵਾਲੇ ਖੇਤਰਾਂ ਬਾਰੇ ਵਿਚਾਰ-ਵਟਾਂਦਰਾ ਕਰਨਗੇ । ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹਰ ਮਾਪੇ ਆਪਣੇ ਬੱਚੇ ਨੂੰ ਤਰੱਕੀ ਕਰਦਾ ਦੇਖਣਾ ਚਾਹੁੰਦੇ ਹਨ ਤੇ ਮੈਗਾ ਪੀ.ਟੀ.ਐਮ. ਮਾਪਿਆਂ ਨੂੰ ਅਧਿਆਪਕਾਂ ਨਾਲ ਬੈਠ ਕੇ ਆਪਣੇ ਬੱਚੇ ਦੀ ਪੜ੍ਹਾਈ ਤੇ ਪ੍ਰਗਤੀ ਨੂੰ ਸਮਝਣ ਦਾ ਮਹੱਤਵਪੂਰਨ ਮੌਕਾ ਦੇਵੇਗੀ । ਉਨ੍ਹਾਂ ਕਿਹਾ ਕਿ ਜਦੋਂ ਸਕੂਲ ਅਤੇ ਪਰਿਵਾਰ ਮਿਲ ਕੇ ਬੱਚੇ ਦੀ ਸਿੱਖਿਆ ਲਈ ਕੰਮ ਕਰਦੇ ਹਨ ਤਾਂ ਉਸ ਵਿਚ ਅੱਗੇ ਵਧਣ ਅਤੇ ਵਿਸ਼ਵ ਪੱਧਰ ’ਤੇ ਮੁਕਾਬਲਾ ਕਰਨ ਦਾ ਆਤਮ-ਵਿਸ਼ਵਾਸ ਪੈਦਾ ਹੁੰਦਾ ਹੈ। ਮਿਲਣੀ ਦੌਰਾਨ ਅਧਿਆਪਕ ਮਾਪਿਆਂ ਨਾਲ ਵਿਅਕਤੀਗਤ ਮੀਟਿੰਗ ਕਰਕੇ ਵਿਦਿਆਰਥੀਆਂ ਦੇ ਰਿਪੋਰਟ ਕਾਰਡ ਸਾਂਝੇ ਕਰਨਗੇ । ਇਸ ਨਾਲ ਹੀ ਕਲਾਸ ਵਿਚ ਉਨ੍ਹਾਂ ਦੀ ਕਾਰਗੁਜ਼ਾਰੀ, ਹਾਜ਼ਰੀ, ਸਿੱਖਣ ਦੀ ਸਮਰਥਾ ਤੇ ਜਿਨ੍ਹਾਂ ਖੇਤਰਾਂ ਵਿਚ ਵਧੇਰੇ ਸਹਾਇਤਾ ਦੀ ਲੋੜ ਹੈ, ਉਨ੍ਹਾਂ ਬਾਰੇ ਚਰਚਾ ਕੀਤੀ ਜਾਵੇਗੀ । ਅਧਿਆਪਕ ਅਤੇ ਮਾਪੇ ਬੱਚੇ ਦੀਆਂ ਵਿਸ਼ੇਸ਼ ਸਿੱਖਣ ਲੋੜਾਂ ਅਨੁਸਾਰ ਅਗਲੀ ਕਾਰਜ-ਯੋਜਨਾ ਵੀ ਤਿਆਰ ਕਰਨਗੇ। ਮਾਪਿਆਂ ਨੂੰ ਘਰ ਵਿਚ ਬੱਚਿਆਂ ਦੀ ਪੜ੍ਹਾਈ ਵਿਚ ਸਹਾਇਤਾ ਕਰਨ ਦੇ ਢੰਗਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਰਿਪੋਰਟ ਕਾਰਡ ਵਿਦਿਆਰਥੀ ਦੇ ਅਕਾਦਮਿਕ ਨਤੀਜੇ ਨੂੰ ਦਰਸਾਉਂਦਾ ਹੈ, ਪਰ ਸਰਕਾਰ ਦਾ ਧਿਆਨ ਹਰੇਕ ਬੱਚੇ ਦੀਆਂ ਵਿਅਕਤੀਗਤ ਲੋੜਾਂ ਨੂੰ ਸਮਝ ਕੇ ਉਸ ਦੀ ਤਰੱਕੀ ਲਈ ਢੁਕਵੀਂ ਯੋਜਨਾ ਤਿਆਰ ਕਰਨ ’ਤੇ ਹੈ। ਉਨ੍ਹਾਂ ਕਿਹਾ ਕਿ ‘ਹਰ ਦਿਨ, ਇਕ ਕਦਮ ਅੱਗੇ’ ਪਹਿਲ ਹਰੇਕ ਵਿਦਿਆਰਥੀ ਦੀ ਸਮਰਥਾ ਨੂੰ ਨਿਖਾਰਨ ਤੇ ਉਸ ਦੇ ਸਿੱਖਣ ਦੇ ਸਫ਼ਰ ਨੂੰ ਬਿਹਤਰ ਬਣਾਉਣ ਵੱਲ ਇਕ ਠੋਸ ਕਦਮ ਹੈ । ਮੈਗਾ ਪੀ.ਟੀ.ਐਮ. ਦੌਰਾਨ ਸਕੂਲਾਂ ਵਲੋਂ ਵਿਦਿਆਰਥੀਆਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਹਾਇਤਾ ਪਹਿਲਕਦਮੀਆਂ ਬਾਰੇ ਵੀ ਮਾਪਿਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਕੂਲ ਪ੍ਰਬੰਧਨ ਕਮੇਟੀਆਂ (ਐਸ.ਐਮ.ਸੀ.) ਦੇ ਮੈਂਬਰਾਂ ਨੂੰ ਸਕੂਲਾਂ ਤੇ ਬੱਚਿਆਂ ਦੀ ਸਿੱਖਿਆ ਵਿਚ ਉਨ੍ਹਾਂ ਦੇ ਯੋਗਦਾਨ ਲਈ ਹੱਲਾਸ਼ੇਰੀ ਦਿੱਤੀ ਜਾਵੇਗੀ। ਐਸ.ਐਮ.ਸੀ. ਮੈਂਬਰ ਮਾਪਿਆਂ ਨੂੰ ਮਿਲਣੀ ਵਿਚ ਸ਼ਾਮਿਲ ਕਰਨ ਲਈ ਸਕੂਲਾਂ ਦੀ ਮਦਦ ਵੀ ਕਰਨਗੇ। ਸਿੱਖਿਆ ਮੰਤਰੀ ਅਨੁਸਾਰ ਇਸ ਮੈਗਾ ਪੀ.ਟੀ.ਐਮ. ਦਾ ਮੁੱਖ ਉਦੇਸ਼ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਅਤੇ ਪ੍ਰਗਤੀ ਬਾਰੇ ਸਪੱਸ਼ਟ ਜਾਣਕਾਰੀ ਦੇਣਾ ਤੇ ਸਕੂਲ ਤੇ ਪਰਿਵਾਰ ਦਰਮਿਆਨ ਤਾਲਮੇਲ ਨੂੰ ਹੋਰ ਮਜ਼ਬੂਤ ਕਰਨਾ ਹੈ।