ਵਿਆਹ ਤੋਂ ਇਨਕਾਰ ਕਰਨ ’ਤੇ ਅੰਮ੍ਰਿਤਸਰ ਦੀ 20 ਸਾਲਾ ਲੜਕੀ ਦਾ ਕਤਲ
ਅੰਮ੍ਰਿਤਸਰ, 12 ਅਕਤੂਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਵਿਚ ਵਿਆਹ ਲਈ ਦਬਾਅ ਪਾਉਣ ਤੇ ਇਨਕਾਰ ਕਰਨ ਦੇ ਮਾਮਲੇ ਵਿਚ ਇੱਕ 20 ਸਾਲਾ ਲੜਕੀ ਦਾ ਹੋਟਲ ਦੇ ਕਮਰੇ ਵਿਚ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਤਰੁਣਪ੍ਰੀਤ ਕੌਰ ਉਰਫ਼ ਤੰਨੂੰ, ਵਾਸੀ ਬਟਾਲਾ ਰੋਡ, ਅੰਮ੍ਰਿਤਸਰ ਵਜੋਂ ਹੋਈ ਹੈ।
ਅੰਮ੍ਰਿਤਸਰ, 12 ਅਕਤੂਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਵਿਚ ਵਿਆਹ ਲਈ ਦਬਾਅ ਪਾਉਣ ਤੇ ਇਨਕਾਰ ਕਰਨ ਦੇ ਮਾਮਲੇ ਵਿਚ ਇੱਕ 20 ਸਾਲਾ ਲੜਕੀ ਦਾ ਹੋਟਲ ਦੇ ਕਮਰੇ ਵਿਚ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਤਰੁਣਪ੍ਰੀਤ ਕੌਰ ਉਰਫ਼ ਤੰਨੂੰ, ਵਾਸੀ ਬਟਾਲਾ ਰੋਡ, ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਨੇ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਨੀਲੋਖੇੜੀ ਇਲਾਕੇ ਦੇ ਵਸਨੀਕ ਰਿਤਿਕ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੇ ਪਿਤਾ ਵਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ, ਤਰੁਣਪ੍ਰੀਤ ਸਾਲ 2025 ਵਿਚ ਪੜ੍ਹਾਈ ਲਈ ਰੂਸ ਗਈ ਸੀ, ਜਿੱਥੇ ਉਸ ਦੀ ਮੁਲਾਕਾਤ ਰਿਤਿਕ ਨਾਲ ਹੋਈ। ਦੋਵਾਂ ਵਿਚਕਾਰ ਜਾਣ-ਪਛਾਣ ਹੋਣ ਤੋਂ ਬਾਅਦ ਪ੍ਰੇਮ ਸਬੰਧ ਬਣ ਗਏ, ਪਰ ਬਾਅਦ ਵਿੱਚ ਝਗੜੇ ਕਾਰਨ ਉਹ ਵੱਖ ਹੋ ਗਏ। ਦੋਸ਼ ਹੈ ਕਿ ਇਸ ਤੋਂ ਬਾਅਦ ਰਿਤਿਕ ਉਸ ’ਤੇ ਵਿਆਹ ਕਰਵਾਉਣ ਲਈ ਦਬਾਅ ਪਾਉਣ ਅਤੇ ਧਮਕੀਆਂ ਦੇਣ ਲੱਗਾ। ਸ਼ਿਕਾਇਤ ਮੁਤਾਬਕ, ਦੋਵਾਂ ਵਿਚਕਾਰ ਵਿਵਾਦ ਦੌਰਾਨ ਮੁਲਜ਼ਮ ਨੇ ਰੂਸ ਵਿਚ ਲੜਕੀ ਦਾ ਪਾਸਪੋਰਟ ਪਾੜ ਦਿੱਤਾ, ਜਿਸ ਤੋਂ ਬਾਅਦ ਲੜਕੀ ਨੂੰ ਵ੍ਹਾਈਟ ਪਾਸਪੋਰਟ ਰਾਹੀਂ ਭਾਰਤ ਵਾਪਸ ਲਿਆਂਦਾ ਗਿਆ। ਰਿਤਿਕ ਵੀ ਭਾਰਤ ਪਰਤ ਆਇਆ ਅਤੇ ਵਿਆਹ ਲਈ ਦਬਾਅ ਬਣਾਉਂਦਾ ਰਿਹਾ। ਪਰਿਵਾਰ ਨੂੰ ਉਸ ਖ਼ਿਲਾਫ਼ ਪਹਿਲਾਂ ਵੀ ਮਾਮਲੇ ਦਰਜ ਹੋਣ ਬਾਰੇ ਪਤਾ ਲੱਗਣ ’ਤੇ ਲੜਕੀ ਨੇ ਉਸ ਨਾਲ ਸੰਪਰਕ ਤੋੜ ਦਿੱਤਾ। ਬੀਤੇ ਦਿਨੀਂ ਤਰੁਣਪ੍ਰੀਤ ਘਰੋਂ ਕਲਾਸ ਲਗਾਉਣ ਲਈ ਐਕਟਿਵਾ ’ਤੇ ਗਈ ਸੀ, ਪਰ ਦੁਪਹਿਰ ਤੋਂ ਬਾਅਦ ਉਸ ਦਾ ਸੰਪਰਕ ਟੁੱਟ ਗਿਆ। ਬਾਅਦ ਵਿਚ ਪਰਿਵਾਰ ਨੂੰ ਉਸਦੀ ਲਾਸ਼ ਹੋਟਲ ਦੇ ਕਮਰੇ ਵਿਚ ਮਿਲੀ। ਪੁਲਿਸ ਅਨੁਸਾਰ, ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਟੀਮਾਂ ਹਰਿਆਣਾ ਭੇਜੀਆਂ ਗਈਆਂ ਹਨ ਅਤੇ ਛਾਪੇਮਾਰੀ ਜਾਰੀ ਹੈ।