ਫਾਰਮਰ ਯੂ.ਆਈ.ਡੀ. ਤਹਿਤ ਸੂਬੇ ’ਚ ਹਾਲੇ ਸਿਰਫ਼ 5,45,506 ਕਿਸਾਨਾਂ ਨੇ ਹੀ ਕਰਵਾਈ ਰਜਿਸਟ੍ਰੇਸ਼ਨ
ਜਲੰਧਰ, 14 ਅਕਤੂਬਰ (ਜਤਿੰਦਰ ਪੰਮੀ)–ਕੇਂਦਰ ਸਰਕਾਰ ਵਲੋਂ ਦੇਸ਼ ਭਰ ਦੇ ਕਿਸਾਨਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਸਿੱਧਾ ਲਾਭਪਾਤਰੀਆਂ ਦੇ ਖਾਤਿਆਂ ’ਚ ਪਾਉਣ ਲਈ ਫਾਰਮਰ ਯੂ. ਆਈ.
ਜਲੰਧਰ, 14 ਅਕਤੂਬਰ (ਜਤਿੰਦਰ ਪੰਮੀ)–ਕੇਂਦਰ ਸਰਕਾਰ ਵਲੋਂ ਦੇਸ਼ ਭਰ ਦੇ ਕਿਸਾਨਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਸਿੱਧਾ ਲਾਭਪਾਤਰੀਆਂ ਦੇ ਖਾਤਿਆਂ ’ਚ ਪਾਉਣ ਲਈ ਫਾਰਮਰ ਯੂ. ਆਈ. ਡੀ. ਬਣਾਏ ਜਾ ਰਹੇ ਹਨ, ਜਿਸ ਲਈ ਰਜਿਸਟ੍ਰੇਸ਼ਨ ਦਾ ਕੰਮ ਅਕਤੂਬਰ 2024 ’ਚ ਕਰੀਬ ਦੋ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ। ਹਾਲਾਂਕਿ ਪੰਜਾਬ ਵਿਚ ਰਜਿਸਟ੍ਰੇਸ਼ਨ ਇਸ ਵਿੱਤੀ ਸਾਲ ਦੇ ਸ਼ੁਰੂਆਤ ’ਚ ਕੀਤੀ ਗਈ ਸੀ । ਕੇਂਦਰ ਸਰਕਾਰ ਦੇ ਖੇਤੀ ਮੰਤਰਾਲੇ ਵਲੋਂ ਕਿਸਾਨਾਂ ਦੀਆਂ ਯੂ. ਆਈ. ਡੀ. ਬਣਾਉਣ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਲਾਭਪਾਤਰੀ ਕਿਸਾਨਾਂ ਨੂੰ ਆਧਾਰ ਮੰਨਿਆ ਗਿਆ ਹੈ । ਇਸ ਲਈ ਪਹਿਲੇ ਪੜਾਅ ਵਿਚ ਕਿਸਾਨਾਂ ਦੀ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ, ਜਿਹੜੇ ਉਕਤ ਯੋਜਨਾ ਦਾ ਲਾਭ ਲੈ ਰਹੇ ਹਨ । ਮਿਲੀ ਜਾਣਕਾਰੀ ਮੁਤਾਬਕ 11 ਅਕਤੂਬਰ ਤੱਕ ਸੂਬੇ ਦੇ 5,45,506 ਕਿਸਾਨਾਂ ਨੇ ਐਗਰੀ ਸਟੈਕ ਯੂ. ਆਈ. ਡੀ. ਲਈ ਆਪਣੀ ਰਜਿਸਟ੍ਰੇਸ਼ਨ ਕਰਵਾ ਦਿੱਤੀ ਹੈ ਜੋ ਕਿ ਪੀ. ਐੱਮ. ਕਿਸਾਨ ਸਨਮਾਨ ਨਿਧੀ ਯੋਜਨਾ ਦੇ ਕੁੱਲ ਲਾਭਪਾਤਰੀ ਕਿਸਾਨਾਂ ਦਾ 48 ਫੀਸਦੀ ਹੀ ਬਣਦਾ ਹੈ ਜਦੋਂਕਿ ਰਜਿਸਟ੍ਰੇਸ਼ਨ ਦਾ ਕੰਮ ਮਾਰਚ 2027 ਵਿਚ ਬੰਦ ਹੋ ਜਾਵੇਗਾ । ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਹੜੇ ਕਿਸਾਨ ਆਪਣੇ ਯੂ. ਆਈ. ਡੀ. ਨਹੀਂ ਬਣਵਾਉਣਗੇ, ਉਨ੍ਹਾਂ ਨੂੰ ਖਾਦ ’ਚ ਮਿਲਣ ਵਾਲੀ ਸਬਸਿਡੀ ਤੇ ਹੋਰ ਸਰਕਾਰੀ ਸਕੀਮਾਂ ਦਾ ਲਾਭ ਮਿਲਣਾ ਬੰਦ ਹੋ ਜਾਵੇਗਾ । ਹਾਲਾਂਕਿ ਦੂਜੇ ਪੜਾਅ ਤਹਿਤ ਉਨ੍ਹਾਂ ਕਿਸਾਨਾਂ ਦੇ ਯੂ. ਆਈ. ਡੀ. ਬਣਾਉਣੇ ਹਨ, ਜਿਹੜੇ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਦੇ ਹਨ । ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਪੰਜਾਬ ’ਚ 11,40,188 ਲਾਭਪਾਤਰੀ ਹਨ, ਜਿਨ੍ਹਾਂ ਦੇ ਫਾਰਮਰ ਯੂ. ਆਈ. ਡੀ. ਬਣਾਏ ਜਾ ਰਹੇ ਹਨ । ਕਿਸਾਨਾਂ ਵਲੋਂ ਐਗਰੀ ਸਟੈਕ ’ਤੇ ਰਜਿਸਟ੍ਰੇਸ਼ਨ ਕਰਵਾਉਣ ਵਿਚ ਸ਼ਹੀਦ ਭਗਤ ਸਿੰਘ ਜ਼ਿਲ੍ਹਾ ਸਭ ਤੋਂ ਮੋਹਰੀ ਹੈ, ਜਿਥੋਂ ਦੇ 22,427 ਕਿਸਾਨਾਂ ’ਚੋਂ 17,176 ਰਜਿਸਟਰ ਹੋ ਚੁੱਕੇ ਹਨ ਜੋ ਕਿ 77 ਫੀਸਦੀ ਬਣਦਾ ਹੈ।