ਜ਼ਹਿਰ ਨਿਗਲ ਕੇ ਪ੍ਰੇਮਿਕਾ ਦੇ ਘਰ ਪੁੱਜੇ ਨੌਜਵਾਨ ਵਲੋਂ ਮਾਂ-ਧੀ ’ਤੇ ਹਮਲਾ, ਨੌਜਵਾਨ ਦੀ ਮੌਤ
ਮਕਸੂਦਾਂ 20 ਅਕਤੂਬਰ (ਸੌਰਵ ਮਹਿਤਾ) : ਮਕਸੂਦਾਂ ਦੇ ਆਨੰਦ ਨਗਰ ਇਲਾਕੇ ਵਿਚ ਮੰਗਲਵਾਰ ਸਵੇਰੇ ਦੁਬਈ ਤੋਂ ਪਰਤੇ ਨੌਜਵਾਨ ਓਮਵੀਰ ਉਰਫ਼ ਅਜੇ ਵਾਸੀ ਨੰਦਨਪੁਰ, ਮਕਸੂਦਾਂ ਨੇ ਜ਼ਹਿਰੀਲਾ ਪਦਾਰਥ ਨਿਗਲਣ ਤੋਂ ਬਾਅਦ ਆਪਣੀ ਪ੍ਰੇਮਿਕਾ ਦੇ ਘਰ ਪਹੁੰਚ ਕੇ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਧੀ ਨੂੰ ਬਚਾਉਣ ਆਈ ਉਸ ਦੀ ਮਾਂ ਵੀ ਹਮਲੇ ਵਿਚ ਜ਼ਖ਼ਮੀ ਹੋ ਗਈ।
ਮਕਸੂਦਾਂ 20 ਅਕਤੂਬਰ (ਸੌਰਵ ਮਹਿਤਾ) : ਮਕਸੂਦਾਂ ਦੇ ਆਨੰਦ ਨਗਰ ਇਲਾਕੇ ਵਿਚ ਮੰਗਲਵਾਰ ਸਵੇਰੇ ਦੁਬਈ ਤੋਂ ਪਰਤੇ ਨੌਜਵਾਨ ਓਮਵੀਰ ਉਰਫ਼ ਅਜੇ ਵਾਸੀ ਨੰਦਨਪੁਰ, ਮਕਸੂਦਾਂ ਨੇ ਜ਼ਹਿਰੀਲਾ ਪਦਾਰਥ ਨਿਗਲਣ ਤੋਂ ਬਾਅਦ ਆਪਣੀ ਪ੍ਰੇਮਿਕਾ ਦੇ ਘਰ ਪਹੁੰਚ ਕੇ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਧੀ ਨੂੰ ਬਚਾਉਣ ਆਈ ਉਸ ਦੀ ਮਾਂ ਵੀ ਹਮਲੇ ਵਿਚ ਜ਼ਖ਼ਮੀ ਹੋ ਗਈ। ਘਟਨਾ ਤੋਂ ਬਾਅਦ ਨੌਜਵਾਨ ਖ਼ੁਦ ਬੇਹੋਸ਼ ਹੋ ਕੇ ਡਿੱਗ ਪਿਆ ਤੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਜ਼ਖ਼ਮੀ ਮਾਂ-ਧੀ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ। ਓਮਵੀਰ ਡਰਾਈਵਰੀ ਕਰਦਾ ਸੀ ਤੇ ਕਰੀਬ ਛੇ ਮਹੀਨੇ ਪਹਿਲਾਂ ਦੁਬਈ ਤੋਂ ਵਾਪਸ ਆਇਆ ਸੀ। ਪੁਲਿਸ ਅਨੁਸਾਰ, ਉਸ ਦੇ ਪਰਿਵਾਰ ਨੂੰ ਘਟਨਾ ਤੋਂ ਪਹਿਲਾਂ ਉਸਦੀ ਭੈਣ ਨੇ ਫੋਨ ਕਰਕੇ ਦੱਸਿਆ ਸੀ ਕਿ ਓਮਵੀਰ ਨੇ ਉਸ ਨੂੰ ਸੁਸਾਈਡ ਨੋਟ ਭੇਜਿਆ ਹੈ। ਪੁਲਿਸ ਨੂੰ ਮੌਕੇ ਤੋਂ ਦੋ ਪੰਨਿਆਂ ਦਾ ਸੁਸਾਈਡ ਨੋਟ ਮਿਲਿਆ ਹੈ। ਇਸ ਵਿਚ ਓਮਵੀਰ ਨੇ ਪ੍ਰੇਮ ਸਬੰਧਾਂ ਵਿਚ ਤਣਾਅ, ਬਲੈਕਮੇਲਿੰਗ, ਧਮਕੀਆਂ, ਕੁੱਟਮਾਰ ਤੇ ਪੈਸੇ ਮੰਗਣ ਦੇ ਦੋਸ਼ ਲਾਏ ਹਨ । ਉਸ ਨੇ ਦਾਅਵਾ ਕੀਤਾ ਕਿ ਉਹ ਪਹਿਲਾਂ ਹੀ ਤਿੰਨ ਤੋਂ ਚਾਰ ਲੱਖ ਰੁਪਏ ਦੇ ਚੁੱਕਾ ਸੀ। ਨੋਟ ਵਿਚ ਕੁਝ ਹੋਰ ਵਿਅਕਤੀਆਂ ਦੇ ਨਾਂਅ ਵੀ ਦਰਜ ਹਨ। ਪਰਿਵਾਰਕ ਮੈਂਬਰਾਂ ਅਨੁਸਾਰ, ਓਮਵੀਰ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ। ਉਸ ਨੇ ਗਹਿਣੇ ਗਿਰਵੀ ਰੱਖ ਕੇ ਏਜੰਟ ਨੂੰ ਦੇਣ ਲਈ ਕਰੀਬ 50 ਹਜ਼ਾਰ ਰੁਪਏ ਲਏ ਸਨ ਤੇ ਦੁਬਈ ਵਾਪਸ ਜਾਣ ਬਾਰੇ ਵੀ ਸੋਚ ਰਿਹਾ ਸੀ। ਡੀ.ਐਸ.ਪੀ. ਉੱਤਰੀ ਕਰਨੈਲ ਸਿੰਘ ਤੇ ਥਾਣਾ ਨੰਬਰ ਇਕ ਦੇ ਮੁਖੀ ਜਸਪਾਲ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵਲੋਂ ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਤੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਭੇਜੀ ਗਈ ਹੈ। ਪੁਲਿਸ ਨੇ ਕਿਹਾ ਕਿ ਸਾਰੇ ਤੱਥਾਂ ਦੀ ਜਾਂਚ ਤੋਂ ਬਾਅਦ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।