ਪਸ਼ੂ ਫੀਡ ਤੇ ਚਾਰੇ ਦੀਆਂ ਕੀਮਤਾਂ ’ਚ ਭਾਰੀ ਵਾਧੇ ਨੇ ਡੇਅਰੀ ਧੰਦੇ ’ਤੇ ਪੈਦਾ ਕੀਤਾ ਸੰਕਟ ਖਰਚਿਆਂ ਦੇ ਮੁਕਾਬਲੇ ਦੁੱਧ ਉਤਪਾਦਨ ਬਣ ਰਿਹਾ ਘਾਟੇ ਦਾ ਸੌਦਾ
ਦੀਨਾਨਗਰ (ਗੁਰਦਾਸਪੁਰ), 12 ਨਵੰਬਰ (ਸ਼ਾਮ ਸਿੰਘ ਘੁੰਮਣ)-ਖੇਤੀਬਾੜੀ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਸਹਾਇਕ ਧੰਦੇ ‘ਡੇਅਰੀ ਫਾਰਮਿੰਗ’ ’ਤੇ ਇਸ ਵੇਲੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ । ਪਿਛਲੇ ਕੁਝ ਸਮੇਂ ਦੌਰਾਨ ਪਸ਼ੂ ਫੀਡ, ਖਲ, ਚੂਰੀ ਤੇ ਤੂੜੀ ਦੀਆਂ ਕੀਮਤਾਂ ਵਿਚ ਹੋਏ ਬੇਤਹਾਸ਼ਾ ਵਾਧੇ ਨੇ ਪਸ਼ੂ ਪਾਲਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।
ਦੀਨਾਨਗਰ (ਗੁਰਦਾਸਪੁਰ), 12 ਨਵੰਬਰ (ਸ਼ਾਮ ਸਿੰਘ ਘੁੰਮਣ)-ਖੇਤੀਬਾੜੀ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਸਹਾਇਕ ਧੰਦੇ ‘ਡੇਅਰੀ ਫਾਰਮਿੰਗ’ ’ਤੇ ਇਸ ਵੇਲੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ । ਪਿਛਲੇ ਕੁਝ ਸਮੇਂ ਦੌਰਾਨ ਪਸ਼ੂ ਫੀਡ, ਖਲ, ਚੂਰੀ ਤੇ ਤੂੜੀ ਦੀਆਂ ਕੀਮਤਾਂ ਵਿਚ ਹੋਏ ਬੇਤਹਾਸ਼ਾ ਵਾਧੇ ਨੇ ਪਸ਼ੂ ਪਾਲਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਹਾਲਾਤ ਇਹ ਬਣ ਗਏ ਹਨ ਕਿ ਦੁੱਧ ਉਤਪਾਦਨ ਹੁਣ ਲਾਹੇਵੰਦ ਧੰਦਾ ਨਾ ਰਹਿ ਕੇ ਘਾਟੇ ਦਾ ਸੌਦਾ ਬਣਦਾ ਜਾ ਰਿਹਾ ਹੈ। ਬਾਜ਼ਾਰੀ ਅੰਕੜਿਆਂ ਮੁਤਾਬਿਕ ਪਸ਼ੂ ਖੁਰਾਕ ਤਿਆਰ ਕਰਨ ਵਿਚ ਵਰਤੇ ਜਾਂਦੇ ਮੁੱਖ ਕੱਚੇ ਮਾਲ, ਖ਼ਾਸ ਕਰਕੇ ਮੱਕੀ, ਸੋਇਆਬੀਨ, ਟੋਟਾ ਚੌਲ ਅਤੇ ਖਲਾਂ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ। ਕਮਜ਼ੋਰ ਮੌਨਸੂਨ ਕਾਰਨ ਮੱਕੀ ਦੀ ਪੈਦਾਵਾਰ ਘੱਟਣ ਅਤੇ ਈਥਾਨੌਲ ਉਦਯੋਗ ਵਲੋਂ ਮੱਕੀ ਦੀ ਵਧਦੀ ਖ਼ਪਤ ਸਦਕਾ ਇਸ ਦੇ ਭਾਅ ਰਿਕਾਰਡ ਪੱਧਰ ’ਤੇ ਪਹੁੰਚ ਗਏ ਹਨ। ਮੱਕੀ ਦਾ ਭਾਅ ਜੋ ਕੁਝ ਸਮਾਂ ਪਹਿਲਾਂ 2300 ਤੋਂ 2700 ਰੁਪਏ ਪ੍ਰਤੀ ਕੁਇੰਟਲ ਸੀ, ਉਹ ਹੁਣ ਵੱਧ ਕੇ 3100 ਤੋਂ 3600 ਰੁਪਏ ਪ੍ਰਤੀ ਕੁਇੰਟਲ ਤੱਕ ਜਾ ਪਹੁੰਚਿਆ ਹੈ। ਇਸ ਦਾ ਸਿੱਧਾ ਅਸਰ ਕੰਪਾਊਂਡ ਕੈਟਲ ਫੀਡ ’ਤੇ ਪਿਆ ਹੈ, 50 ਕਿੱਲੋ ਦੇ ਬੈਗ ਦੀ ਕੀਮਤ ਵਿਚ 100 ਤੋਂ 150 ਰੁਪਏ ਤੱਕ ਦਾ ਵਾਧਾ ਹੋਇਆ ਹੈ। ਦੂਜੇ ਪਾਸੇ ਪਸ਼ੂ ਪਾਲਕਾਂ ਨੂੰ ਸੁੱਕੇ ਚਾਰੇ ਦੀ ਮਹਿੰਗਾਈ ਦੀ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਪੰਜਾਬ ਵਿਚ ਵੱਖ-ਵੱਖ ਉਦਯੋਗਾਂ ਅਤੇ ਭੱਠਿਆਂ ਵਲੋਂ ਬਾਲਣ ਵਜੋਂ ਤੂੜੀ ਦੀ ਅੰਨ੍ਹੇਵਾਹ ਵਰਤੋਂ ਕੀਤੇ ਜਾਣ ਕਾਰਨ ਤੂੜੀ ਦੀ ਭਾਰੀ ਕਿੱਲਤ ਪੈਦਾ ਹੋ ਗਈ ਹੈ, ਜਿਹੜੀ ਤੂੜੀ ਆਮ ਦਿਨਾਂ ਵਿਚ 400 ਤੋਂ 500 ਰੁਪਏ ਪ੍ਰਤੀ ਕੁਇੰਟਲ ਮਿਲ ਜਾਂਦੀ ਸੀ, ਉਸ ਦੇ ਭਾਅ ਹੁਣ 900 ਤੋਂ 1200 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਏ ਹਨ।ਅਗਾਂਹਵਧੂ ਪਸ਼ੂ ਪਾਲਕਾਂ ਜਗਰੂਪ ਸਿੰਘ, ਗੁਰਚਰਨ ਸਿੰਘ ਅਤੇ ਭੋਲਾ ਸਿੰਘ ਨੇ ਦੱਸਿਆ ਕਿ ਦੁੱਧ ਪੈਦਾ ਕਰਨ ਦੀ ਕੁੱਲ ਲਾਗਤ ਦਾ ਲਗਪਗ 65 ਤੋਂ 70 ਫ਼ੀਸਦੀ ਹਿੱਸਾ ਸਿਰਫ਼ ਪਸ਼ੂਆਂ ਦੀ ਖੁਰਾਕ ’ਤੇ ਹੀ ਖਰਚ ਹੋ ਜਾਂਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਫੀਡ, ਚਾਰੇ, ਦਵਾਈਆਂ ਅਤੇ ਲੇਬਰ ਦੇ ਖਰਚੇ ਤਾਂ 25 ਤੋਂ 30 ਫ਼ੀਸਦੀ ਤੱਕ ਵੱਧ ਗਏ ਹਨ। ਪਸ਼ੂ ਪਾਲਕਾਂ ਨੇ ਚਿੰਤਾ ਪ੍ਰਗਟ ਕੀਤੀ ਕਿ ਜੇਕਰ ਹਾਲਾਤ ਇਸੇ ਤਰ੍ਹਾਂ ਬਣੇ ਰਹੇ ਤਾਂ ਆਉਣ ਵਾਲੇ ਦਿਨਾਂ ਵਿਚ ਸੂਬੇ ਅੰਦਰ ਦੁੱਧ ਦਾ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਪਸ਼ੂ ਪਾਲਕਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪਸ਼ੂ ਫੀਡ ਬਣਾਉਣ ਲਈ ਵਰਤੇ ਜਾਂਦੇ ਕੱਚੇ ਮਾਲ ’ਤੇ ਲੱਗਣ ਵਾਲੇ ਟੈਕਸਾਂ ਵਿਚ ਕਟੌਤੀ ਕੀਤੀ ਜਾਵੇ ਅਤੇ ਈਥਾਨੌਲ ਪਲਾਂਟਾਂ ਲਈ ਮੱਕੀ ਦੀ ਵਰਤੋਂ ਸੀਮਤ ਕਰਕੇ ਫੀਡ ਉਦਯੋਗ ਨੂੰ ਸਸਤੀ ਮੱਕੀ ਮੁਹੱਈਆ ਕਰਵਾਈ ਜਾਵੇ । ਇਸ ਤੋਂ ਇਲਾਵਾ ਉਦਯੋਗਾਂ ਵਲੋਂ ਤੂੜੀ ਨੂੰ ਬਾਲਣ ਵਜੋਂ ਵਰਤਣ ’ਤੇ ਸਖ਼ਤ ਪਾਬੰਦੀ ਲਗਾਈ ਜਾਵੇ ਅਤੇ ਡੇਅਰੀ ਕਿਸਾਨਾਂ ਨੂੰ ਵਿਸ਼ੇਸ਼ ਸਬਸਿਡੀ ਦੇ ਕੇ ਇਸ ਸੰਕਟ ’ਚੋਂ ਬਾਹਰ ਕੱਢਿਆ ਜਾਵੇ।