ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਬਡਰੁੱਖਾਂ ਵਿਖੇ ਮਨਾਇਆ
ਮਸਤੂਆਣਾ ਸਾਹਿਬ (ਸੰਗਰੂਰ), 13 ਨਵੰਬਰ (ਦਮਦਮੀ)-ਪੰਜਾਬ ਦੇ ਮਹਾਨ ਸ਼ਾਸਕ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਅੱਜ ਉਨ੍ਹਾਂ ਦੇ ਨਾਨਕੇ ਪਿੰਡ ਅਤੇ ਇਤਿਹਾਸਕ ਪਿੰਡ ਬਡਰੁੱਖਾਂ ਵਿਖੇ ਮਨਾਇਆ ਗਿਆ। ਇਸ ਮੌਕੇ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਸੰਗਰੂਰ-2 ਦਾਮਨ ਬਾਜਵਾ ਨੇ ਪਿੰਡ ਬਡਰੁੱਖਾਂ ਪਹੁੰਚ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਮਸਤੂਆਣਾ ਸਾਹਿਬ (ਸੰਗਰੂਰ), 13 ਨਵੰਬਰ (ਦਮਦਮੀ)-ਪੰਜਾਬ ਦੇ ਮਹਾਨ ਸ਼ਾਸਕ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਅੱਜ ਉਨ੍ਹਾਂ ਦੇ ਨਾਨਕੇ ਪਿੰਡ ਅਤੇ ਇਤਿਹਾਸਕ ਪਿੰਡ ਬਡਰੁੱਖਾਂ ਵਿਖੇ ਮਨਾਇਆ ਗਿਆ। ਇਸ ਮੌਕੇ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਸੰਗਰੂਰ-2 ਦਾਮਨ ਬਾਜਵਾ ਨੇ ਪਿੰਡ ਬਡਰੁੱਖਾਂ ਪਹੁੰਚ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਭਾਜਪਾ ਆਗੂ ਹਰਮਨਦੇਵ ਸਿੰਘ ਬਾਜਵਾ ਵੀ ਮੌਜੂਦ ਸਨ। ਇਸ ਮੌਕੇ ਦਾਮਨ ਬਾਜਵਾ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਸਿਰਫ਼ ਪੰਜਾਬ ਦੇ ਮਹਾਨ ਸ਼ਾਸਕ ਹੀ ਨਹੀਂ ਸਨ, ਸਗੋਂ ਆਪਣੀ ਦੂਰਅੰਦੇਸ਼ੀ, ਸੁਚੱਜੇ ਪ੍ਰਸ਼ਾਸਨ, ਬਹਾਦਰੀ ਅਤੇ ਧਰਮ ਨਿਰਪੱਖ ਸੋਚ ਸਦਕਾ ਭਾਰਤੀ ਇਤਿਹਾਸ ਵਿਚ ਵਿਲੱਖਣ ਸਥਾਨ ਰੱਖਦੇ ਹਨ। ਉਨ੍ਹਾਂ ਕਿਹਾ ਕਿ ਬਡਰੁੱਖਾਂ ਦਾ ਮਹਾਰਾਜਾ ਰਣਜੀਤ ਸਿੰਘ ਦੇ ਮਾਤਰੀ ਪਰਿਵਾਰ ਨਾਲ ਸਬੰਧ ਹੋਣ ਕਾਰਨ ਇਸ ਪਿੰਡ ਦੀ ਇਤਿਹਾਸਕ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਬਡਰੁੱਖਾਂ ਦੀ ਅਮੀਰ ਇਤਿਹਾਸਕ ਵਿਰਾਸਤ ਨੂੰ ਸੰਭਾਲਣ ਅਤੇ ਇਸ ਨੂੰ ਕੌਮੀ ਪੱਧਰ ਦੇ ਇਤਿਹਾਸਕ ਤੇ ਸਭਿਆਚਾਰਕ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰਨ ਲਈ ਉਨ੍ਹਾਂ ਵੱਲੋਂ ਕੇਂਦਰੀ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਪੱਤਰ ਲਿਖਿਆ ਗਿਆ ਹੈ। ਇਸ ਪੱਤਰ ਰਾਹੀਂ ਬਡਰੁੱਖਾਂ ਦੀ ਇਤਿਹਾਸਕ ਵਿਰਾਸਤ ਦੀ ਸੰਭਾਲ, ਯਾਦਗਾਰ ਜਾਂ ਵਿਰਾਸਤੀ ਕੇਂਦਰ ਦੀ ਸਥਾਪਨਾ ਅਤੇ ਇਸ ਨੂੰ ਸਭਿਆਚਾਰਕ ਸੈਰ-ਸਪਾਟਾ ਸਰਕਿਟ ਨਾਲ ਜੋੜਨ ਦੀ ਮੰਗ ਕੀਤੀ ਗਈ ਹੈ।