ਫ਼ਤਿਹਗੜ੍ਹ ਪੰਜਤੂਰ, 4 ਜਨਵਰੀ (ਜਸਵਿੰਦਰ ਸਿੰਘ ਪੋਪਲੀ)-ਸਥਾਨਕ ਕਸਬੇ ਵਿਖੇ ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਨੂੰ ਸੁੰਦਰ ਫੁੱਲਾਂ ਨਾਲ ਸਜਾਈ ਹੋਈ ਪਾਲਕੀ ਵਾਲੀ ਬੱਸ 'ਚ ਸੁਸ਼ੋਭਿਤ ਕੀਤਾ | ਉਪਰੰਤ ਗੁਰੂ ਚਰਨਾਂ ਵਿਚ ਗੁਰਦੁਆਰਾ ਸਿੰਘ ਸਭਾ ਦੇ ਹੈੱਡ ਗ੍ਰੰਥੀ ਭਾਈ ਗੁਰਦੇਵ ਸਿੰਘ ਵਲੋਂ ਅਰਦਾਸ ਬੇਨਤੀ ਕਰਦੇ ਹੋਏ ਨਗਰ ਕੀਰਤਨ ਦੀ ਆਰੰਭਤਾ ਸਮੇਂ ਵਿਸ਼ਾਲ ਗਿਣਤੀ ਵਿਚ ਪਹੁੰਚੀਆਂ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਸਾਹਿਬਾਨ ਕਰ ਰਹੇ ਸਨ | ਇਸ ਦੌਰਾਨ ਜਥੇਦਾਰ ਗੁਰਚਰਨ ਸਿੰਘ ਪ੍ਰਵਾਨਾ, ਬੀਬੀ ਚਰਨਜੀਤ ਕੌਰ, ਬੀਬੀ ਗੁਰਮੀਤ ਕੌਰ, ਸਾਰੰਗੀ ਮਾਸਟਰ ਜੁਝਾਰ ਸਿੰਘ ਕੋਟਲਾ ਦੇ ਢਾਡੀ ਜਥੇ ਵਲੋਂ ਗੁਰੂ ਦੀਆਂ ਸੰਗਤਾਂ ਨੂੰ ਗੁਰਇਤਿਹਾਸ ਨਾਲ ਜੋੜਿਆ ਗਿਆ | ਛੋਟੀਆਂ ਬੱਚੀਆਂ ਦੇ ਕਵੀਸ਼ਰੀ ਜਥਿਆਂ ਵਲੋਂ ਵੀ ਗੁਰੂ ਘਰ ਵਿਚ ਹਾਜ਼ਰੀ ਭਰੀ ਗਈ | ਇਸ ਵਿਸ਼ਾਲ ਨਗਰ ਕੀਰਤਨ ਦੇ ਨਾਲ ਚੱਲ ਰਹੀਆਂ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਸਨ | ਸ਼ਰਧਾਲੂਆਂ ਵਲੋਂ ਨਗਰ ਕੀਰਤਨ ਦੇ ਪੜਾ ਦਰ ਪੜਾ ਨਾਲ ਚੱਲ ਰਹੀਆਂ ਸੰਗਤਾਂ ਲਈ ਵੱਖ-ਵੱਖ ਤਰਾਂ ਦੇ ਲੰਗਰ ਲਗਾਏ ਹੋਏ ਸਨ | ਉੱਥੇ ਹੀ ਭਾਈ ਅਮਰੀਕ ਸਿੰਘ ਵਲੋਂ ਹਰ ਸਾਲ ਦੀ ਤਰ੍ਹਾਂ ਜਲੇਬੀਆਂ ਦਾ ਲੰਗਰ ਅਟੁੱਟ ਵਰਤਾਇਆ ਗਿਆ | ਇਸ ਦੌਰਾਨ ਮਹਾਰਾਜਾ ਰਣਜੀਤ ਸਿੰਘ ਕਲੱਬ ਫ਼ਤਿਹਗੜ੍ਹ ਪੰਜਤੂਰ ਦੇ ਸੇਵਾਦਾਰ ਨਗਰ ਕੀਰਤਨ ਦੇ ਅੱਗੇ ਝਾੜੂ ਨਾਲ ਸਫ਼ਾਈ ਕਰ ਰਹੇ ਸਨ | ਸਥਾਨਕ ਕਸਬੇ ਦੇ ਦਮਦਮੀ ਟਕਸਾਲ ਫ਼ਤਿਹਗੜ੍ਹ ਪੰਜਤੂਰ ਦੇ ਵਿਦਿਆਰਥੀਆਂ ਵਲੋਂ ਗਤਕੇ ਦੇ ਜੌਹਰ ਦਿਖਾ ਕੇ ਸੰਗਤਾਂ ਦਾ ਮਨੋਰੰਜਨ ਕੀਤਾ ਗਿਆ | ਇਸ ਦੌਰਾਨ ਇਕ ਛੋਟੇ ਸੇਵਾਦਾਰ ਵਲੋਂ ਨਗਾਰੇ 'ਤੇ ਡਗਾ ਲਗਾਉਂਦਿਆਂ ਵੇਖ ਸੰਗਤਾਂ ਦੀ ਖਿੱਚ ਦਾ ਕੇਂਦਰ ਬਣਿਆ | ਨਗਰ ਦੀਆਂ ਸੰਗਤਾਂ ਵਲੋਂ ਨਗਰ ਕੀਰਤਨ ਦਾ ਜਗ੍ਹਾ-ਜਗ੍ਹਾ 'ਤੇ ਭਰਵਾਂ ਸਵਾਗਤ ਕੀਤਾ ਗਿਆ |