ਨੱਥੂਵਾਲਾ ਗਰਬੀ, 4 ਜਨਵਰੀ (ਨਵਦੀਪ ਸਿੰਘ)-ਆਮ ਆਦਮੀ ਪਾਰਟੀ ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਡਾਲਾ ਨੇ ਕੇਂਦਰ ਸਰਕਾਰ ਦੇ ਨਵੇਂ ਲਾਗੂ ਕੀਤੇ ਗਏ ਵਿਕਾਸ ਭਾਰਤ ਰੁਜ਼ਗਾਰ ਅਤੇ ਅਜੀਵਕਾ ਮਿਸ਼ਨ (ਗ੍ਰਾਮੀਣ) ਐਕਟ 2025 ਵੀ.ਬੀ. ਰਾਮ ਜੀ ਦੀ ਨਿਖੇਧੀ ਕਰਦਿਆਂ ਇਸ ਨੂੰ ਗ਼ਰੀਬਾਂ ਦੇ ਹੱਕਾਂ 'ਤੇ ਵੱਡਾ ਡਾਕਾ ਦੱਸਿਆ | ਗੁਰਵਿੰਦਰ ਸਿੰਘ ਡਾਲਾ ਨੇ ਇਸ ਨੂੰ ਗਰੀਬ ਵਿਰੋਧੀ ਕਾਨੂੰਨ ਕਰਾਰ ਦਿੱਤਾ, ਜੋ ਪੇਂਡੂ ਅਰਥਵਿਵਸਥਾ ਨੂੰ ਤਬਾਹ ਕਰ ਦੇਵੇਗਾ ਅਤੇ ਸਮਾਜ ਦੇ ਸਭ ਤੋਂ ਕਮਜ਼ੋਰ ਵਰਗਾਂ ਦੇ ਮੂੰਹ ਰੋਟੀ ਖੋ ਲਵੇਗਾ | ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਇਹ ਕਾਲਾ ਕਾਨੂੰਨ ਲਿਆ ਕੇ ਪੇਂਡੂ ਭਾਰਤ ਨਾਲ ਧੋਖਾ ਕੀਤਾ ਹੈ | ਉਨ੍ਹਾਂ ਸਪਸ਼ਟ ਕੀਤਾ ਕਿ ਇਹ ਲੱਖਾਂ ਗਰੀਬ ਪਰਿਵਾਰਾਂ ਦੀ ਰੋਜ਼ੀ ਰੋਟੀ 'ਤੇ ਸਿੱਧਾ ਹਮਲਾ ਹੈ, ਜੋ ਜਿਉਂਦੇ ਰਹਿਣ ਲਈ ਮਨਰੇਗਾ ਤੇ ਨਿਰਭਰ ਹਨ | ਇਹ ਨਵਾਂ ਐਕਟ ਖੇਤੀਬਾੜੀ ਦੇ ਸਿਖਰਲੇ ਮੌਸਮਾਂ ਦੌਰਾਨ ਕੰਮ ਤੋਂ ਵਾਂਝਾ ਰੱਖੇਗਾ, ਬਿਲਕੁਲ ਜਦੋਂ ਪਰਿਵਾਰਾਂ ਨੂੰ ਇਸ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ | ਇਹ ਵਿਕਾਸ ਨਹੀਂ ਹੈ, ਇਹ ਪੇਂਡੂ ਗ਼ਰੀਬਾਂ ਦਾ ਵਿਨਾਸ਼ ਹੈ | ਡਾਲਾ ਨੇ ਕਿਹਾ 'ਆਮ ਆਦਮੀ ਪਾਰਟੀ' ਇਸ ਲੜਾਈ ਨੂੰ ਦਿੱਲੀ ਦੀਆਂ ਸੜਕਾਂ 'ਤੇ ਲੈ ਕੇ ਜਾਵੇਗੀ |