ਧਰਮਕੋਟ, 6 ਜਨਵਰੀ (ਪਰਮਜੀਤ ਸਿੰਘ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਸੰਗਲਾ ਵਿਚ ਪੂਰਨ ਸ਼ਰਧਾ, ਸਤਿਕਾਰ ਅਤੇ ਖਾਲਸਾਈ ਜਜ਼ਬੇ ਨਾਲ ਨਗਰ ਕੀਰਤਨ ਸਜਾਇਆ ਗਿਆ | ਇਸ ਪਾਵਨ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਵਲੋਂ ਕੀਤੀ ਗਈ | ਨਗਰ ਕੀਰਤਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨੂੰ ਸੁੰਦਰ ਫੁਲਾਂ ਨਾਲ ਸਜਾਇਆ ਗਿਆ ਸੀ | ਰਸਤੇ ਦੇ ਦੋਵੇਂ ਪਾਸੇ ਖੜੀ ਸੰਗਤ ਵਲੋਂ ਫੁੱਲਾਂ ਦੀ ਵਰਖਾ ਕੀਤੀ ਗਈ | ਇਸ ਮੌਕੇ ਪਿੰਡ ਦੇ ਨੌਜਵਾਨਾਂ ਵਲੋਂ ਵਿਸ਼ੇਸ਼ ਤੌਰ 'ਤੇ ਕੇਸਰੀ ਪੱਗਾਂ ਸਜਾਈਆਂ ਗਈਆਂ | ਸਾਬਕਾ ਸਰਪੰਚ ਗੁਰਬੀਰ ਸਿੰਘ ਗੋਗਾ ਨੇ ਦੱਸਿਆ ਕਿ ਨੌਜਵਾਨਾਂ ਨੇ ਪੱਗ ਬੰਨ੍ਹ ਕੇ ਸਿੱਖੀ ਦੀ ਪਛਾਣ, ਪੱਗ ਦੀ ਮਹੱਤਤਾ ਅਤੇ ਖਾਲਸਾ ਪੰਥ ਦੀ ਸ਼ਾਨ ਨੂੰ ਲੋਕਾਂ ਸਾਹਮਣੇ ਉਜਾਗਰ ਕੀਤਾ | ਉਨ੍ਹਾਂ ਦੱਸਿਆ ਕਿ ਅੱਜ ਦੇ ਸਮੇਂ ਵਿਚ ਨੌਜਵਾਨਾਂ ਵਲੋਂ ਪੱਗ ਬੰਨ੍ਹ ਕੇ ਗੁਰੂ ਸਾਹਿਬ ਦੀ ਵਿਰਾਸਤ ਨੂੰ ਅਪਨਾਉਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਇਸ ਨਾਲ ਆਉਣ ਵਾਲੀ ਪੀੜ੍ਹੀ ਆਪਣੇ ਧਾਰਮਿਕ ਅਤੇ ਸੱਭਿਆਚਾਰਕ ਮੁੱਲਾਂ ਨਾਲ ਜੁੜੀ ਰਹਿੰਦੀ ਹੈ | ਨਗਰ ਕੀਰਤਨ ਦੀ ਸਫਲਤਾ ਵਿਚ ਗਰਾਮ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ, ਯੂਥ ਵੈੱਲਫੇਅਰ ਕਲੱਬ ਸੰਗਲਾ, ਐਨ.ਆਰ.ਆਈ. ਵੀਰਾਂ ਅਤੇ ਸਮੂਹ ਸੰਗਤ ਦਾ ਵਿਸ਼ੇਸ਼ ਯੋਗਦਾਨ ਰਿਹਾ |