ਮੋਗਾ, 6 ਜਨਵਰੀ (ਗੁਰਤੇਜ ਸਿੰਘ ਬੱਬੀ)-ਫਰੀਡਮ ਫਾਈਟਰ ਉੱਤਰਾਧਿਕਾਰੀ ਸੰਸਥਾ ਪੰਜਾਬ ਦੀ ਜ਼ਿਲ੍ਹਾ ਮੋਗਾ ਇਕਾਈ ਵਲੋਂ ਡਿਪਟੀ ਕਮਿਸ਼ਨਰ ਮੋਗਾ ਨੂੰ ਰੋਸ ਪੱਤਰ ਸੌਂਪ ਕੇ ਸੂਬਾ ਸਰਕਾਰ ਖਿਲਾਫ ਇਤਰਾਜ਼ ਦਰਜ ਕਰਵਾਇਆ ਗਿਆ | ਸੰਸਥਾ ਨੇ ਆਰੋਪ ਲਗਾਇਆ ਕਿ ਮੁੱਖ ਮੰਤਰੀ ਪੰਜਾਬ ਵਲੋਂ ਮੀਟਿੰਗ ਲਈ ਪੱਤਰ ਜਾਰੀ ਕਰਨ ਦੇ ਬਾਵਜੂਦ ਮੀਟਿੰਗ ਨਾ ਕਰਨਾ ਫਰੀਡਮ ਫਾਈਟਰਾਂ ਦੇ ਕਾਨੂੰਨੀ ਵਾਰਸਾਂ ਦਾ ਅਪਮਾਨ ਹੈ | ਰੋਸ ਪੱਤਰ ਵਿਚ ਦੱਸਿਆ ਗਿਆ ਕਿ ਇਸ ਅਪਮਾਨ ਦੇ ਵਿਰੋਧ ਵਜੋਂ ਜ਼ਿਲ੍ਹਾ ਸੰਗਰੂਰ ਵਿਚ 15 ਜਨਵਰੀ ਤੋਂ ਲੜੀਵਾਰ ਸ਼ਾਂਤਮਈ ਰੋਸ ਧਰਨੇ ਲਗਾਏ ਜਾਣਗੇ ਅਤੇ ਨਾਲ ਹੀ ਗਣਤੰਤਰ ਦਿਵਸ ਮੌਕੇ ਸਮਾਗਮ ਵਿਚ ਸ਼ਾਮਿਲ ਤਾਂ ਹੋਇਆ ਜਾਵੇਗਾ ਪਰ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਦਿੱਤਾ ਜਾਣ ਵਾਲਾ ਕੋਈ ਵੀ ਸਨਮਾਨ ਸਵੀਕਾਰ ਨਹੀਂ ਕੀਤਾ ਜਾਵੇਗਾ | ਉਨ੍ਹਾਂ ਮੰਗ ਕੀਤੀ ਕਿ ਸੂਬਾ ਸਰਕਾਰ ਲਾਰੇ ਲਗਾਉਣ ਦੀ ਬਜਾਏ ਤੁਰੰਤ ਮੀਟਿੰਗ ਕਰਕੇ ਹੱਕੀਂ ਮੰਗਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ, ਪੈੱ੍ਰਸ ਸਕੱਤਰ ਕੁਲਦੀਪ ਗਰੋਵਰ, ਜਨਰਲ ਸਕੱਤਰ ਰਘਬੀਰ ਸਿੰਘ, ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ, ਮੀਤ ਪ੍ਰਧਾਨ ਸਵਰਨ ਸਿੰਘ, ਖਜ਼ਾਨਚੀ ਗੁਰਪ੍ਰੀਤ ਸਿੰਘ ਸਮੇਤ ਸੰਸਥਾ ਦੇ ਸਮੂਹ ਮੈਂਬਰ ਹਾਜ਼ਰ ਸਨ |