ਠੱਠੀ ਭਾਈ, 6 ਜਨਵਰੀ (ਜਗਰੂਪ ਸਿੰਘ ਮਠਾੜੂ)-ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਡੇਰਾ ਭੋਰੇ ਵਾਲਾ ਸੁਖਾਨੰਦ ਵਿਖੇ 101 ਅਖੰਡ ਪਾਠਾਂ ਦੀ 68ਵੀਂ ਲੜੀ ਸ਼ਰਧਾ, ਭਾਵਨਾ ਅਤੇ ਗੁਰਮਤਿ ਮਰਿਆਦਾ ਅਨੁਸਾਰ ਆਰੰਭ ਹੋ ਗਈ ਹੈ | ਆਰੰਭ ਦੇ ਪਹਿਲੇ ਦਿਨ ਤੋਂ ਹੀ ਇਲਾਕੇ ਭਰ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਡੇਰਾ ਭੋਰੇ ਵਾਲਾ ਸੁਖਾਨੰਦ ਵਿਖੇ ਪਹੁੰਚ ਕੇ ਗੁਰੂ ਚਰਨਾਂ ਵਿਚ ਹਾਜ਼ਰੀ ਭਰ ਰਹੀਆਂ ਹਨ | ਡੇਰਾ ਭੋਰੇ ਵਾਲਾ ਦੇ ਗੱਦੀਨਸ਼ੀਨ ਬਾਬਾ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 101 ਅਖੰਡ ਪਾਠਾਂ ਦੀ 68ਵੀਂ ਲੜੀ ਸ਼ੁਰੂ ਕੀਤੀ ਗਈ ਹੈ ਜਿਸ ਵਿਚ ਸੰਗਤਾਂ ਵਲੋਂ ਵਧ ਚੜ੍ਹ ਕੇ ਸੇਵਾ ਨਿਭਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਲੜੀ ਦੌਰਾਨ ਹਰ ਤੀਸਰੇ ਦਿਨ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ | ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ਲੜੀ ਦੇ ਪਹਿਲੇ ਪੰਜ ਅਖੰਡ ਪਾਠਾਂ ਦੇ ਭੋਗ ਸੰਪੰਨ ਹੋ ਚੁੱਕੇ ਹਨ ਜਿਨ੍ਹਾਂ ਵਿਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ |