ਠੱਠੀ ਭਾਈ, 25 ਜਨਵਰੀ (ਜਗਰੂਪ ਸਿੰਘ ਮਠਾੜੂ)-ਪਿੰਡ ਸੁਖਾਨੰਦ ਅਤੇ ਚੀਦਾ ਦੀ ਸਾਂਝੀ ਖੇਤੀਬਾੜੀ ਸਹਿਕਾਰੀ ਸਭਾ ਸੁਖਾਨੰਦ ਦੀ ਪ੍ਰਬੰਧਕ ਕਮੇਟੀ ਦੀ ਨਵੀਂ ਕਮੇਟੀ ਦੀ ਚੋਣ 13 ਫਰਵਰੀ ਹੋਵੇਗੀ | ਜਾਣਕਾਰੀ ਅਨੁਸਾਰ 11 ਫਰਵਰੀ ਨੂੰ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਦੇ ਫਾਰਮ ਭਰੇ ਜਾਣਗੇ, ਜਦ ਕਿ 12 ਫਰਵਰੀ ਨੂੰ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ | ਇਸ ਤੋਂ ਬਾਅਦ 13 ਫਰਵਰੀ ਨੂੰ ਪ੍ਰਬੰਧਕ ਕਮੇਟੀ ਲਈ ਵੋਟਿੰਗ ਕਰਵਾਈ ਜਾਵੇਗੀ | ਇੱਥੇ ਇਹ ਵੀ ਦੱਸਣਯੋਗ ਹੈ ਕਿ ਸਹਿਕਾਰੀ ਸਭਾ ਸੁਖਾਨੰਦ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਾਮਲੇ 'ਚ ਸੂਬੇ ਭਰ 'ਚ ਪਹਿਲੇ ਨੰਬਰ 'ਤੇ ਰਹਿਣ ਦਾ ਖ਼ਿਤਾਬ ਪ੍ਰਾਪਤ ਕਰ ਚੁੱਕੀ ਹੈ ਅਤੇ ਇਸ ਸ਼ਾਨਦਾਰ ਕਾਰਗੁਜ਼ਾਰੀ ਲਈ ਸਭਾ ਨੂੰ ਰਾਜ ਪੱਧਰ 'ਤੇ ਸਨਮਾਨ ਵੀ ਮਿਲ ਚੁੱਕਾ ਹੈ | ਸਭਾ ਵਲੋਂ ਕਿਸਾਨਾਂ ਨੂੰ ਖਾਦਾਂ, ਬੀਜ, ਕਰਜ਼ਾ ਸਹੂਲਤਾਂ ਅਤੇ ਹੋਰ ਸਹਿਕਾਰੀ ਸੇਵਾਵਾਂ ਸਮੇਂ ਸਿਰ ਪ੍ਰਦਾਨ ਕਰਨ ਕਾਰਨ ਇਲਾਕੇ ਦੇ ਕਿਸਾਨਾਂ ਵਿਚ ਇਸ ਦੀ ਵਿਸ਼ੇਸ਼ ਪਛਾਣ ਬਣੀ ਹੋਈ ਹੈ | ਚੋਣਾਂ ਦੇ ਐਲਾਨ ਨਾਲ ਹੀ ਪਿੰਡ ਸੁਖਾਨੰਦ ਅਤੇ ਚੀਦਾ ਦੇ ਕਿਸਾਨਾਂ ਵਿਚ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ ਅਤੇ ਉਮੀਦਵਾਰਾਂ ਵਲੋਂ ਸਮਰਥਨ ਇਕੱਠਾ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ | ਕਿਸਾਨਾਂ ਨੂੰ ਉਮੀਦ ਹੈ ਕਿ ਨਵੀਂ ਚੁਣੀ ਜਾਣ ਵਾਲੀ ਪ੍ਰਬੰਧਕ ਕਮੇਟੀ ਵੀ ਸਭਾ ਦੀ ਪੁਰਾਣੀ ਰਿਵਾਇਤ ਨੂੰ ਬਰਕਰਾਰ ਰੱਖਦਿਆਂ ਕਿਸਾਨ ਹਿੱਤਾਂ ਲਈ ਹੋਰ ਬਿਹਤਰ ਕੰਮ ਕਰੇਗੀ |