ਨਿਹਾਲ ਸਿੰਘ ਵਾਲਾ, 25 ਜਨਵਰੀ (ਪਲਵਿੰਦਰ ਸਿੰਘ ਟਿਵਾਣਾ)-ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਜ਼ਿਲ੍ਹਾ ਮੋਗਾ ਦਵਿੰਦਰ ਸਿੰਘ ਲੋਟੇ ਅਤੇ ਮੈਡਮ ਤਰਨਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਾਮਵਰ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਰਾਸ਼ਟਰੀ ਵੋਟਰ ਦਿਵਸ ਉਤਸ਼ਾਹ ਪੂਰਵਕ ਮਨਾਇਆ ਗਿਆ | ਸਮਾਗਮ ਦਾ ਆਗਾਜ਼ ਕਰਦਿਆਂ ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾ ਨੇ ਕਿਹਾ ਕਿ 25 ਜਨਵਰੀ 1950 ਨੂੰ ਭਾਰਤ ਦੇ ਖ਼ੁਦਮੁਖ਼ਤਿਆਰ ਚੋਣ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ | ਇਸੇ ਕਰਕੇ ਦੇਸ਼ ਵਾਸੀ 2011 ਤੋਂ ਹਰ ਸਾਲ ਇਸ ਦਿਨ ਨੂੰ ਰਾਸ਼ਟਰੀ ਵੋਟਰ ਦਿਵਸ ਵਜੋਂ ਮਨਾਉਂਦੇ ਆ ਰਹੇ ਹਨ | ਪਿ੍ੰਸੀਪਲ ਮਹਿੰਦਰ ਕੌਰ ਢਿੱਲੋਂ ਨੇ ਕਿਹਾ ਕਿ ਜਮਹੂਰੀਅਤ ਅੰਦਰ ਵੋਟ ਅਧਿਕਾਰ ਦੀ ਬਹੁਤ ਜ਼ਿਆਦਾ ਅਹਿਮੀਅਤ ਹੁੰਦੀ ਹੈ | ਇਸ ਲਈ ਹਰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਬਾਲਗ ਨੂੰ ਵੋਟ ਪਾਉਣ ਦਾ ਅਧਿਕਾਰ ਮਿਲ ਜਾਂਦਾ ਹੈ | ਹਰ ਵੋਟਰ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਇਸ ਦੀ ਸੁਚੱਜੀ ਵਰਤੋਂ ਕਰਕੇ ਲੋਕਤੰਤਰ ਨੂੰ ਮਜ਼ਬੂਤ ਕਰੇ | ਬਾਨੀ ਪਿ੍ੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਦਿਨ ਮਨਾਉਣ ਦਾ ਮੁੱਖ ਉਦੇਸ਼ ਵੋਟਰਾਂ ਨੂੰ ਮੱਤ ਅਧਿਕਾਰ ਦੀ ਸਹੀ ਢੰਗ ਨਾਲ ਵਰਤੋਂ ਕਰਨ ਪ੍ਰਤੀ ਜਾਗਰੂਕ ਕਰਨਾ ਹੈ | ਵਾਈਸ ਪਿ੍ੰਸੀਪਲ ਮੈਡਮ ਮੀਨਾ ਜੈਨ ਨੇ ਚੰਗੇ ਉਮੀਦਵਾਰਾਂ ਨੂੰ ਚੁਣਨ ਲਈ ਵੋਟ ਦੀ ਮਹੱਤਤਾ 'ਤੇ ਰੌਸ਼ਨੀ ਪਾਈ | ਇਸ ਦੌਰਾਨ ਵਲੰਟੀਅਰਾਂ ਦੇ ਭਾਸ਼ਣ, ਚਾਰਟ ਬਣਾਉਣ ਅਤੇ ਸਲੋਗਨ ਲਿਖਣ ਦੇ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ਵਿਚ ਉਨ੍ਹਾਂ ਨੇ ਭਰਵੀਂ ਸ਼ਮੂਲੀਅਤ ਕੀਤੀ | ਇਸ ਸਮੇਂ ਕੁਲਦੀਪ ਸਿੰਘ ਧਾਲੀਵਾਲ, ਅਰਵਿੰਦਰ ਸਿੰਘ, ਜਗਦੇਵ ਸਿੰਘ ਧਾਲੀਵਾਲ ਅਤੇ ਹਰਪ੍ਰੀਤ ਕੌਰ ਨੇ ਵੀ ਵਿਚਾਰ ਪੇਸ਼ ਕੀਤੇ |