ਮੋਗਾ, 25 ਜਨਵਰੀ (ਸੁਰਿੰਦਰਪਾਲ ਸਿੰਘ)- ਸਮਾਜ ਸੇਵੀ ਤੇ ਬਰਾਂਡ ਅੰਬੈਸਡਰ ਰਾਕੇਸ਼ ਸਿਤਾਰਾ ਨੇ ਇੱਕ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਚਾਈਨਾ ਡੋਰ ਨੇ ਇਕ 15 ਸਾਲ ਦੇ ਬੱਚੇ ਤਰਨਜੋਤ ਸਿੰਘ ਦੀ ਜਾਨ ਲੈ ਲਈ ਜੋ ਮਾਂ-ਬਾਪ ਦਾ ਇਕਲੌਤਾ ਪੁੱਤਰ ਸੀ ਅਤੇ 10ਵੀਂ ਕਲਾਸ ਦਾ ਵਿਦਿਆਰਥੀ ਸੀ ਜੋ ਸਕੂਲ ਤੋਂ ਛੁੱਟੀ ਉਪਰੰਤ ਆਪਣੇ ਵਹੀਕਲ 'ਤੇ ਘਰ ਜਾਂਦੇ ਸਮੇਂ ਚਾਈਨਾ ਡੋਰ ਦੀ ਚਪੇਟ ਵਿਚ ਆ ਗਿਆ | ਇਹ ਦੁਖਦਾਈ ਖ਼ਬਰ ਸੁਣ ਕੇ ਧੁਰ ਅੰਦਰ ਤੱਕ ਰੂਹ ਕੰਬ ਗਈ | ਉਨ੍ਹਾਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਜੇਕਰ ਚਾਈਨਾ ਡੋਰ ਦੀ ਵਿੱਕਰੀ ਨਹੀਂ ਰੋਕ ਸਕਦੇ ਤਾਂ ਘੱਟੋ ਘੱਟ ਪਤੰਗਾਂ ਦੀ ਵਿੱਕਰੀ 'ਤੇ ਹੀ ਰੋਕ ਲਗਾ ਦਿਓ | ਬਾਜ਼ਾਰ ਵਿਚ ਪਤੰਗ ਹੀ ਨਾ ਹੋਣਗੇ ਤਾਂ ਡੋਰ ਦੀ ਮੰਗ ਆਪਣੇ ਆਪ ਖ਼ਤਮ ਹੋ ਜਾਵੇਗੀ | ਜੇਕਰ ਪ੍ਰਸ਼ਾਸਨ ਇਹ ਡੋਰ ਬੰਦ ਨਹੀਂ ਕਰਵਾ ਸਕਦਾ, ਫਿਰ ਨਸ਼ਾ ਮੁਕਤ ਪੰਜਾਬ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ | ਆਖ਼ਰ ਇਸ ਕਾਤਲ ਡੋਰ ਨੂੰ ਬੰਦ ਕਰਵਾਉਣ ਲਈ ਕਿੰਨੀਆਂ ਕੁਰਬਾਨੀਆਂ ਦੇਣੀਆਂ ਪੈਣਗੀਆਂ | ਉਨ੍ਹਾਂ ਕਿਹਾ ਕਿ ਇਹ ਕਿਹੋ ਜਿਹਾ ਕਾਨੂੰਨ ਹੈ, ਇਕ ਨਾਬਾਲਗ ਦੇ ਸਕੂਟਰ/ਮੋਟਰਸਾਈਕਲ ਚਲਾਉਣ 'ਤੇ ਚਲਾਨ ਕੱਟਣ ਦਾ ਕਾਨੂੰਨ ਹੈ ਪਰ ਚਾਈਨਾ ਡੋਰ ਦੀ ਵਜ੍ਹਾ ਕਾਰਨ ਕਿਸੇ ਦੀ ਜਾਨ ਹੀ ਚਲੀ ਜਾਵੇ, ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ | ਕਿਸ ਦੀ ਡੋਰ ਨਾਲ ਹਾਦਸਾ ਹੋਇਆ, ਕੋਈ ਸ਼ਨਾਖ਼ਤ ਨਹੀਂ | ਜੇਕਰ ਪ੍ਰਸ਼ਾਸਨ ਦੀ ਨੀਂਦ ਨਹੀਂ ਖੁੱਲ੍ਹ ਰਹੀ ਤਾਂ ਫਿਰ ਐਨ.ਜੀ.ਓ. ਸੰਸਥਾਵਾਂ ਨੂੰ ਸਮਾਜ ਹਿਤ ਨੂੰ ਦੇਖਦੇ ਹੋਏ ਮਜਬੂਰੀ ਵੱਸ ਪਤੰਗ ਵੇਚਣ ਵਾਲੀਆਂ ਦੁਕਾਨਾਂ ਦੇ ਅੱਗੇ ਗਾਂਧੀਵਾਦੀ ਸ਼ਾਂਤੀ ਪੂਰਵਕ ਪਿਕਟਿੰਗ ਕਰਨ ਲਈ ਗਾਂਧੀ ਗਿਰੀ ਕਰਨੀ ਪਵੇਗੀ ਤਾਂ ਜੋ ਪ੍ਰਸ਼ਾਸਨ ਨੂੰ ਜਗਾਇਆ ਜਾ ਸਕੇ |