ਮੋਗਾ, 2 ਫਰਵਰੀ (ਜਸਪਾਲ ਸਿੰਘ ਬੱਬੀ)-ਇਨਵਾਇਰਨਮੈਂਟ ਐਜੂਕੇਸ਼ਨ ਪ੍ਰੋਗਰਾਮ ਤਹਿਤ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਅਤੇ ਸੈਂਟਰ ਫਾਰ ਮੀਡੀਆ ਸਟੱਡੀਜ਼ ਵਾਤਾਵਰਨ ਨਵੀਂ ਦਿੱਲੀ ਦੇ ਸਾਂਝੇ ਉੱਦਮਾਂ ਸਦਕਾ ਵਾਤਾਵਰਨ ਪ੍ਰਤੀ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਮੋਗਾ ਜ਼ਿਲ੍ਹੇ ਵਿਚ ਵਾਤਾਵਰਨ ਫਿਲਮ ਫੈਸਟੀਵਲ 3 ਅਤੇ 4 ਫਰਵਰੀ ਨੂੰ ਆਈ.ਐਸ.ਐਫ. ਕਾਲਜ ਆਫ ਫਾਰਮੇਸੀ ਮੋਗਾ ਵਿਖੇ ਚੇਅਰਮੈਨ ਪ੍ਰਵੀਨ ਗਰਗ, ਡਾਇਰੈਕਟਰ ਡਾ. ਜੀ.ਡੀ ਗੁਪਤਾ, ਪਿ੍ੰਸੀਪਲ ਡਾ. ਨਾਰੰਗ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਇਹ ਪ੍ਰਗਟਾਵਾ ਵਾਤਾਵਰਨ ਸਿੱਖਿਆ ਪ੍ਰੋਗਰਾਮ ਦੇ ਜ਼ਿਲ੍ਹਾ ਕੋਆਰਡੀਨੇਟਰ ਸਟੇਟ ਐਵਾਰਡੀ ਡਾ. ਦੀਪਕ ਸ਼ਰਮਾ ਨੇ ਕੀਤਾ | ਜਿਸ ਵਿਚ ਮੋਗਾ ਜ਼ਿਲ੍ਹੇ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਵਲੋਂ ਵਾਤਾਵਰਨ ਸਬੰਧੀ ਗੰਭੀਰ ਮਸਲਿਆਂ 'ਤੇ ਜਿਸ ਵਿਚ ਸ਼ੁੱਧ ਪਾਣੀ, ਸ਼ੁੱਧ ਹਵਾ, ਜ਼ੀਰੋ ਵੇਸਟ, ਸੇਵ ਐਨਰਜੀ ਨਾਲ ਸੰਬੰਧਿਤ ਐਵਾਰਡ ਜੇਤੂ ਫਿਲਮਾਂ ਵਿਖਾ ਕੇ ਜਾਗਰੂਕ ਕੀਤਾ ਜਾਵੇਗਾ | ਇਸ ਪ੍ਰੋਗਰਾਮ ਵਿਚ ਪੰਜਾਬ ਦੀ ਹਵਾ ਨੂੰ ਸਾਫ ਅਤੇ ਸ਼ੁੱਧ ਰੱਖਣ ਲਈ ਕੀਤੇ ਜਾ ਰਹੇ ਪ੍ਰੋਜੈਕਟਾਂ ਨੂੰ ਕਲੀਨ ਏਅਰ ਪੰਜਾਬ ਲੁਧਿਆਣਾ ਦੀ ਟੀਮ ਵਲੋਂ ਵਿਦਿਆਰਥੀਆਂ ਦੇ ਰੂਬਰੂ ਕੀਤਾ ਜਾਵੇਗਾ | ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ 'ਤੇ ਮੋਗਾ ਵਿਖੇ ਸੀ.ਐਮ.ਐਸ. ਵਾਤਾਵਰਨ ਨਵੀਂ ਦਿੱਲੀ ਦੇ ਪ੍ਰੋਜੈਕਟ ਕੋਆਰਡੀਨੇਟਰ ਕਿੰਨਚੋ ਡੋਰਜੀ ਪੁੱਜੇ | ਇਸ ਵਾਤਾਵਰਨ ਫਿਲਮ ਫੈਸਟੀਵਲ ਵਿਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਪੁੱਜਣਗੇ |