ਮੋਗਾ, 3 ਫਰਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਸ਼੍ਰੋਮਣੀ ਅਕਾਲੀ ਦਲ ਦੇ ਨਿਧੜਕ ਜਰਨੈਲ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸਿਆਸੀ ਰੰਜਿਸ਼ ਤਹਿਤ ਫਸਾਇਆ ਗਿਆ ਸੀ ਅਤੇ ਉਸੇ ਮਾਮਲੇ 'ਚ ਸੁਪਰੀਮ ਕੋਰਟ ਨੇ ਜਿੱਥੇ ਪੰਜਾਬ ਸਰਕਾਰ ਨੂੰ ਝਾੜ ਪਾਈ ਹੈ, ਉੱਥੇ ਨਾਲ ਹੀ ਜ਼ਮਾਨਤ ਦੇਣ ਨਾਲ ਸੱਚ ਦੀ ਜਿੱਤ ਹੋਈ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਕੌਮੀ ਜਨਰਲ ਸਕੱਤਰ ਜਸਪਿੰਦਰ ਕੌਰ ਰਣੀਆਂ ਅਤੇ ਯੂਥ ਆਗੂ ਅਮਨਿੰਦਰ ਸਿੰਘ ਵਿੱਕੀ ਧਾਲੀਵਾਲ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਪਾਰਟੀ ਸਫ਼ਾਂ ਵਿਚ ਬਿਕਰਮ ਮਜੀਠੀਆ ਦੀ ਵੱਡੀ ਘਾਟ ਰੜਕਦੀ ਸੀ ਪਰ ਹੁਣ ਉਹ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਵਿਚ ਵੀ ਤੇਜ਼ੀ ਲਿਆਉਣਗੇ | ਰਣੀਆਂ ਅਤੇ ਵਿੱਕੀ ਧਾਲੀਵਾਲ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ ਨਾਲ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ |