ਮੋਗਾ, 4 ਫਰਵਰੀ (ਸੁਰਿੰਦਰਪਾਲ ਸਿੰਘ)-ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਮੋਗਾ ਦਾ ਜ਼ਿਲ੍ਹਾ ਪੱਧਰੀ ਇਜਲਾਸ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਇਨਕਲਾਬੀ ਜੋਸ਼ੋ ਖਰੋਸ਼ ਨਾਲ ਸਮਾਪਤ ਹੋਇਆ | ਇਸ ਇਜਲਾਸ ਵਿਚ ਸੂਬਾਈ ਅਬਜ਼ਰਵਰ ਦੇ ਤੌਰ 'ਤੇ ਕਾਮਰੇਡ ਜਗਰੂਪ ਅਤੇ ਅਮਰਜੀਤ ਆਸਲ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਸਮੇਂ ਝੰਡਾ ਲਹਿਰਾਉਣ ਦੀ ਰਸਮ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾਈ ਆਗੂ ਕਾਮਰੇਡ ਜਗਦੀਸ਼ ਸਿੰਘ ਚਾਹਲ ਵਲੋਂ ਕੀਤੀ ਗਈ | ਇਹ ਕਾਨਫ਼ਰੰਸ ਸੂਬਾਈ ਆਗੂ ਕਾਮਰੇਡ ਜਗਜੀਤ ਸਿੰਘ ਧੂੜਕੋਟ, ਕਾਮਰੇਡ ਜਗਦੀਸ਼ ਸਿੰਘ ਚਾਹਲ ਅਤੇ ਕਾਮਰੇਡ ਕਰਮਵੀਰ ਬੱਧਨੀ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਈ | ਇਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸੂਬਾਈ ਅਬਜ਼ਰਵਰਾਂ ਨੇ ਕਿਹਾ ਕਿ ਦੇਸ਼ 'ਚ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਹਨ, ਇਨ੍ਹਾਂ ਨਾਲ ਨਜਿੱਠਣ ਲਈ ਕਮਿਊਨਿਸਟਾਂ ਦਾ ਏਕਾ ਅੱਜ ਦੇ ਸਮੇਂ ਦੀ ਅਹਿਮ ਲੋੜ ਹੈ | ਉਨ੍ਹਾਂ ਕਿਹਾ ਕਿ ਅੱਜ ਦੁਨੀਆ ਏ.ਆਈ. (ਆਰਟੀਫਿਸ਼ੀਅਲ ਇੰਟੈਲੀਜੈਂਸੀ) ਦੇ ਦੌਰ ਵਿਚ ਪ੍ਰਵੇਸ਼ ਕਰ ਚੁੱਕੀ ਹੈ ਜਿਸ ਦੇ ਚੱਲਦਿਆਂ ਪੈਦਾਵਾਰ ਦੇ ਸਾਰੇ ਸਾਧਨਾਂ ਉੱਪਰ ਇਸ ਉੱਨਤ ਤਕਨੀਕ ਦਾ ਕਬਜ਼ਾ ਹੈ, ਇਸ ਤਕਨੀਕ ਨਾਲ ਮਨੁੱਖ ਨੂੰ ਸੌਖਾ ਕੀਤਾ ਜਾ ਸਕਦਾ ਹੈ ਪਰ ਅਸਲ ਮਾਅਨੇ 'ਚ ਮਨੁੱਖੀ ਜ਼ਿੰਦਗੀ ਉਦੋਂ ਹੀ ਆਸਾਨ ਹੋ ਸਕਦੀ ਹੈ ਜਦੋਂ ਇਹ ਉੱਨਤ ਤਕਨੀਕ ਉਸ ਦੇ ਫ਼ਾਇਦੇ ਵਾਸਤੇ ਵਰਤੀ ਜਾਵੇ ਪਰ ਅੱਜ ਇਸ ਤਕਨੀਕ ਉੱਪਰ ਸਰਮਾਏਦਾਰੀ ਪ੍ਰਬੰਧ ਦਾ ਕਬਜ਼ਾ ਹੈ | ਇਸ ਸਮੇਂ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਸਾਥੀ ਕੁਲਦੀਪ ਭੋਲਾ ਵਲੋਂ ਪਿਛਲੇ ਤਿੰਨ ਸਾਲਾਂ ਦੀ ਕੌਮਾਂਤਰੀ, ਕੌਮੀ ਅਤੇ ਸੂਬਾਈ ਰਾਜਨੀਤਕ, ਆਰਥਿਕ ਅਤੇ ਜ਼ਿਲ੍ਹਾ ਦੀ ਜਥੇਬੰਦਕ ਅਤੇ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ ਗਈ ਜਿਸ ਉੱਪਰ ਸਾਰੇ ਡੈਲੀਗੇਟਾਂ ਵਿਚੋਂ ਲਗ-ਪਗ 25 ਡੈਲੀਗੇਟਾਂ ਨੇ ਭਾਗ ਲਿਆ | ਬਹਿਸ ਉਪਰੰਤ ਇਹ ਰਿਪੋਰਟ ਵਾਧਿਆ ਸਮੇਤ ਸਰਬਸੰਮਤੀ ਨਾਲ ਪਾਸ ਕੀਤੀ ਗਈ | ਇਸ ਸਮੇਂ ਡੈਲੀਗੇਟ ਇਜਲਾਸ ਵਿਚ ਕੁਝ ਮਤੇ ਜਿਵੇਂ ਕਿ ਵੈਂਜ਼ੂਏਲਾ ਦੇ ਹੱਕ ਅਤੇ ਅਮਰੀਕੀ ਧੌਂਸ ਦੇ ਵਿਰੁੱਧ ਮਤਾ, ਹਰ ਇਕ ਲਈ ਸਿੱਖਿਆ ਦੀ ਗਰੰਟੀ ਲਈ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਦੇਸ਼ ਦੀ ਪਾਰਲੀਮੈਂਟ ਵਿਚ ਪਾਸ ਹੋਵੇ, ਪਹਿਲਾਂ ਵਾਲਾ ਨਰੇਗਾ ਕਾਨੂੰਨ ਬਹਾਲ ਰੱਖਿਆ ਕੀਤਾ ਜਾਵੇ, ਮੁਫ਼ਤ ਤੇ ਲਾਜ਼ਮੀ ਸਿਹਤ ਸਹੂਲਤਾਂ, ਸਾਰੀਆਂ ਫ਼ਸਲਾਂ 'ਤੇ ਐਮ.ਐਸ.ਪੀ. ਦੀ ਗਰੰਟੀ ਆਦਿ ਮਤੇ ਵੀ ਸਰਬਸੰਮਤੀ ਨਾਲ ਪਾਸ ਕੀਤੇ ਗਏ | ਇਸ ਉਪਰੰਤ ਪੁਰਾਣੀ ਜ਼ਿਲ੍ਹਾ ਕੌਂਸਲ ਨੂੰ ਭੰਗ ਕਰਦਿਆਂ ਨਵੀਂ 45 ਮੈਂਬਰੀ ਜ਼ਿਲ੍ਹਾ ਕੌਂਸਲ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਨਵੀਂ ਚੁਣੀ ਗਈ ਜ਼ਿਲ੍ਹਾ ਕੌਂਸਲ ਨੇ ਸਰਬਸੰਮਤੀ ਨਾਲ ਸਾਥੀ ਕੁਲਦੀਪ ਸਿੰਘ ਭੋਲਾ ਨੂੰ ਦੁਬਾਰਾ ਜ਼ਿਲ੍ਹਾ ਸਕੱਤਰ ਅਤੇ ਡਾਕਟਰ ਇੰਦਰਵੀਰ ਗਿੱਲ ਤੇ ਗੁਰਦਿੱਤ ਦੀਨਾ ਨੂੰ ਸਹਾਇਕ ਸਕੱਤਰ ਚੁਣਿਆ ਗਿਆ | ਇਸ ਮੌਕੇ 17 ਅਤੇ 18 ਫਰਵਰੀ ਨੂੰ ਜਲੰਧਰ ਵਿਖੇ ਹੋ ਰਹੀ ਸੂਬਾਈ ਕਾਨਫ਼ਰੰਸ ਲਈ ਡੈਲੀਗੇਟਾਂ ਦੀ ਚੋਣ ਵੀ ਕੀਤੀ ਗਈ | ਇਸ ਕਾਨਫ਼ਰੰਸ ਦੌਰਾਨ ਲਾਲ ਝੰਡਿਆਂ ਨਾਲ ਸਜਿਆ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਖ਼ਾਸ ਖਿੱਚ ਦਾ ਕੇਂਦਰ ਰਿਹਾ ਜਿਸ ਵਿਚ ਨੌਜਵਾਨ ਆਗੂ ਜਸਪ੍ਰੀਤ ਬੱਧਨੀ, ਵਿਦਿਆਰਥੀ ਆਗੂ ਸਵਰਾਜ ਖੋਸਾ, ਹਰਮਨਦੀਪ ਬੁੱਟਰ ਤੇ ਅਨਮੋਲ ਦੀ ਅਗਵਾਈ ਵਿਚ ਕਮਿਊਨਿਸਟ ਅੰਦੋਲਨ ਨਾਲ ਸਬੰਧਿਤ, ਕਮਿਊਨਿਸਟ ਪਾਰਟੀ ਅਤੇ ਟਰੇਡ ਯੂਨੀਅਨ ਦੇ ਸ਼ਹੀਦਾਂ ਨਾਲ ਸੰਬੰਧਿਤ ਤੇ ਜ਼ਿਲ੍ਹੇ ਦੀਆਂ ਵੱਖ-ਵੱਖ ਗਤੀਵਿਧੀਆਂ ਨਾਲ ਸਬੰਧਿਤ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ | ਇਸ ਸਮੇਂ ਕਿਤਾਬਾਂ ਦੀ ਸਟਾਲ ਵੀ ਲਗਾਈ ਗਈ | ਇਸ ਸਮੇਂ ਹੋਰਨਾਂ ਤੋਂ ਇਲਾਵਾ ਬਲਾਕ ਮੋਗਾ-1 ਦੇ ਸਕੱਤਰ ਸਵਰਾਜ ਸਿੰਘ ਢੁੱਡੀਕੇ, ਮੋਗਾ-2 ਦੇ ਸਕੱਤਰ ਸ਼ੇਰ ਸਿੰਘ ਦੌਲਤਪੁਰਾ, ਬਾਘਾ ਪੁਰਾਣਾ ਦੇ ਸਕੱਤਰ ਗੁਰਮੀਤ ਸਿੰਘ ਵਾਂਦਰ, ਸ਼ਹਿਰੀ ਕਮੇਟੀ ਦੇ ਸਕੱਤਰ ਸਵਰਨ ਸਿੰਘ ਖੋਸਾ, ਪਾਰਟੀ ਦੇ ਸੂਬਾਈ ਆਗੂ ਸੁਖਜਿੰਦਰ ਸਿੰਘ ਮਹੇਸ਼ਰੀ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਜਗਸੀਰ ਸਿੰਘ ਖੋਸਾ, ਆਲ ਇੰਡੀਆ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੇ ਆਗੂ ਗੁਰਚਰਨ ਕੌਰ, ਪੰਜਾਬ ਇਸਤਰੀ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਕੌਰ, ਪੰਜਾਬ ਕਿਸਾਨ ਸਭਾ ਦੇ ਆਗੂ ਸੂਰਤ ਸਿੰਘ ਧਰਮਕੋਟ, ਨੌਜਵਾਨ ਆਗੂ ਜਗਵਿੰਦਰ ਸਿੰਘ ਕਾਕਾ, ਇੰਦਰਜੀਤ ਦੀਨਾ, ਮਹਿੰਦਰ ਸਿੰਘ ਧੂੜਕੋਟ, ਸਿਕੰਦਰ ਸਿੰਘ ਮਧੇਕੇ, ਸੁਖਦੇਵ ਭੋਲਾ, ਮੰਗਤ ਰਾਏ, ਪੋਹਲਾ ਸਿੰਘ ਬਰਾੜ, ਇਕਬਾਲ ਤਖਾਣਵੱਧ, ਬੋਹੜ ਬੁੱਟਰ, ਹਰਪ੍ਰੀਤ ਬਾਵਾ, ਕੁਲਵੰਤ ਸਿੰਘ ਬੱਧਨੀ, ਗੁਰਮੇਲ ਨਾਹਰ, ਬਲਰਾਜ ਸਿੰਘ, ਸਤਵੰਤ ਖੋਟੇ, ਰਾਜੂ ਸਿੰਘ ਮਹੇਸ਼ਰੀ, ਓਾਕਾਰ ਸਿੰਘ, ਮੁਖ਼ਤਿਆਰ ਸਿੰਘ ਮੋਗਾ, ਹਰਦਿਆਲ ਸਿੰਘ ਘਾਲੀ, ਬਿੰਦਰ ਸਿੰਘ ਝੰਡੇਆਣਾ, ਬਿੰਦਰ ਕੌਰ ਗਲੋਟੀ, ਕਮਲੇਸ਼ ਸਿੰਘ, ਬਲਵਿੰਦਰ ਸਿੰਘ ਬਹੋਨਾ, ਹਰਬੰਸ ਢਿੱਲੋਂ, ਨਵਜੋਤ ਬਿਲਾਸਪੁਰ, ਪੂਜਾ ਖੋਸਾ, ਗੁਰਪ੍ਰੀਤ ਰਾਊਕੇ ਆਦਿ ਆਗੂ ਹਾਜ਼ਰ ਸਨ |