ਬਾਘਾ ਪੁਰਾਣਾ, 4 ਫਰਵਰੀ (ਗੁਰਮੀਤ ਸਿੰਘ ਮਾਣੂੰਕੇ)-ਕੇਂਦਰ ਸਰਕਾਰ ਵਲੋਂ ਨਵੇਂ ਬਜਟ 'ਚ ਕਿਸਾਨਾਂ, ਛੋਟੇ ਦੁਕਾਨਦਾਰਾਂ, ਮਜ਼ਦੂਰਾਂ ਅਤੇ ਛੋਟੇ ਵਪਾਰੀਆਂ ਨੂੰ ਅੱਖੋਂ ਪਰੋਖੇ ਕਰਕੇ ਆਮ ਲੋਕਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ | ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਖੋਸਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਗੁਰਦਰਸ਼ਨ ਸਿੰਘ ਕਾਲੇਕੇ ਅਤੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਉਗੋਕੇ ਨੇ ਬਾਘਾ ਪੁਰਾਣਾ ਵਿਖੇ ਪੁਰਾਣੀ ਦਾਣਾ ਮੰਡੀ 'ਚ ਮੀਟਿੰਗ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੋਵੇਂ ਸਰਕਾਰਾਂ ਵੱਡੇ ਘਰਾਣਿਆਂ ਦਾ ਹੀ ਧਿਆਨ ਰੱਖਦੀਆਂ ਹਨ | ਕੇਂਦਰ ਸਰਕਾਰ ਕਿਸਾਨਾਂ ਨਾਲ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਕਰਦੀ ਆ ਰਹੀ ਹੈ ਅਤੇ ਕਿਸਾਨਾਂ ਨੂੰ ਨਵੇਂ ਬਜਟ 'ਚ ਅੱਖੋਂ ਪਰੋਖੇ ਕਰਕੇ ਕਿਸਾਨਾਂ ਨਾਲ ਧੋਖਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਕਿਸਾਨ ਦੇਸ਼ ਰੀੜ੍ਹ ਦੀ ਹੱਡੀ ਹਨ ਪਰ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਦਾ ਕਿਸਾਨ ਆਰਥਿਕ ਤੌਰ 'ਤੇ ਬੁਰੀ ਤਰ੍ਹਾਂ ਟੁੱਟ ਚੁੱਕਾ ਹੈ ਅਤੇ ਕੇਂਦਰ ਸਰਕਾਰ ਦਾ ਨਵਾਂ ਬਜਟ ਦੇਸ਼ ਦੀ ਕਿਸਾਨੀ ਲਈ ਹੋਰ ਮਾਰੂ ਸਾਬਤ ਹੋਵੇਗਾ | ਉਨ੍ਹਾਂ ਕਿਹਾ ਕਿ ਇਹ ਬਜਟ ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾਂ, ਦੁਕਾਨਦਾਰਾਂ, ਵਪਾਰੀਆਂ ਲਈ ਵੀ ਘਾਤਕ ਸਿੱਧ ਹੋਵੇਗਾ | ਇਸ ਲਈ ਦੇਸ਼ ਦੇ ਇਨਸਾਫ ਪਸੰਦ ਲੋਕਾਂ ਨੂੰ ਇਸ ਬਜਟ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ | ਇਸ ਮੌਕੇ ਬਲਾਕ ਸਕੱਤਰ ਲਖਵੀਰ ਸਿੰਘ ਕੋਮਲ, ਬਲਾਕ ਮੀਤ ਪ੍ਰਧਾਨ ਦਰਸ਼ਨ ਸਿੰਘ ਸੇਖਾ, ਕਰਮ ਸਿੰਘ ਸੇਖਾ, ਰਣਵੀਰ ਸਿੰਘ ਰਾਣਾ ਬਲਾਕ ਪ੍ਰਧਾਨ ਮੋਗਾ-2, ਮਨਦੀਪ ਸਿੰਘ ਘੱਲ ਕਲਾਂ ਜ਼ਿਲ੍ਹਾ ਕਮੇਟੀ ਮੈਂਬਰ, ਹਿੰਦਰੀ ਪੱਤੋਂ ਬਲਾਕ ਪੈੱ੍ਰਸ ਸਕੱਤਰ ਨਿਹਾਲ ਸਿੰਘ ਵਾਲਾ, ਗੁਰਸੇਵਕ ਸਿੰਘ, ਜਸਵੀਰ ਸਿੰਘ ਨੀਟੂ ਆਲਮਵਾਲਾ ਕਲਾਂ, ਨਿਰਮਲ ਸਿੰਘ ਕਾਲੇਕੇ ਜ਼ਿਲ੍ਹਾ ਸਲਾਹਕਾਰ, ਛਿੰਦਰ ਸਿੰਘ ਉਗੋਕੇ, ਕਮਲਜੀਤ ਸਿੰਘ ਸਮਾਲਸਰ ਤੋਂ ਇਲਾਵਾ ਵੱਖ-ਵੱਖ ਪਿੰਡਾਂ ਤੋਂ ਵਰਕਰ ਹਾਜ਼ਰ ਸਨ |