ਬਾਘਾ ਪੁਰਾਣਾ, 4 ਫਰਵਰੀ (ਟਿੰਕੂ ਕਾਠਪਾਲ)-ਭਾਰਤੀ ਕਿਸਾਨ ਯੂਨੀਅਨ ਕਾਦੀਆ ਬਲਾਕ ਬਾਘਾ ਪੁਰਾਣਾ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਮੇਜਰ ਸਿੰਘ ਘੋਲੀਆ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸੰਤ ਗੁਰਮੇਲ ਸਿੰਘ ਬਾਘਾ ਪੁਰਾਣਾ ਵਿਖੇ ਹੋਈ | ਇਸ ਮੀਟਿੰਗ ਦੀ ਸਟੇਜ ਵਕੀਲ ਸਿੰਘ ਮਾਣੂੰਕੇ ਵਲੋਂ ਚਲਾਈ ਗਈ | ਇਸ ਮੀਟਿੰਗ ਵਿਚ ਨਿਰਮਲ ਸਿੰਘ ਮਾਣੂੰਕੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਵਲੋਂ ਸ਼ਮੂਲੀਅਤ ਕੀਤੀ ਗਈ | ਇਸ ਮੀਟਿੰਗ ਵਿਚ ਕਿਸਾਨ ਵੀਰਾਂ ਨੂੰ ਖਾਦ ਦੇ ਨਾਲ ਵਾਧੂ ਚੀਜ਼ਾਂ ਜਿਵੇਂ ਪਸ਼ੂ ਖ਼ੁਰਾਕ, ਨੈਨੋ ਖਾਦ ਆਦਿ ਸਹਿਕਾਰੀ ਸੋਸਾਇਟੀ/ਡੀਲਰ ਵਲੋਂ ਟੈਗ ਕਰਨ ਦੀ ਸਖ਼ਤ ਨਿਖੇਧੀ ਕੀਤੀ ਗਈ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਿਰਫ਼ ਐਲਾਨ ਨਾ ਕੀਤਾ ਜਾਵੇ ਸਗੋਂ ਕਿਸਾਨ ਭਰਾਵਾ ਦੀ ਹੋ ਰਹੀ ਲੁੱਟ ਨੂੰ ਵੀ ਠੱਲ੍ਹ ਪਾਈ ਜਾਵੇ | ਮੀਟਿੰਗ ਵਿਚ ਭਾਰਤ ਸਰਕਾਰ ਵਲੋਂ ਪੇਸ਼ ਕੀਤੇ ਗਏ ਆਮ ਬਜਟ ਵਿਚ ਕਿਸਾਨੀ ਅਤੇ ਖੇਤੀ ਪ੍ਰਤੀ ਅਪਣਾਈ ਗਈ ਬੇਰੁਖ਼ੀ ਦੀ ਨਿਖੇਧੀ ਕੀਤੀ ਗਈ | ਇਸ ਬਜਟ ਵਿਚ ਹੜ੍ਹਾਂ ਨਾਲ ਝੰਬੇ ਪੰਜਾਬ ਲਈ ਵੀ ਕੋਈ ਵਿਸ਼ੇਸ਼ ਰਕਮ ਦਾ ਪ੍ਰਬੰਧ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਹੜ੍ਹਾਂ ਨਾਲ ਤਬਾਹ ਹੋਏ ਇਲਾਕਿਆਂ ਦੇ ਕਿਸਾਨਾਂ ਦੇ ਕਰਜ਼ਿਆਂ ਦੀ ਕਿਸ਼ਤ ਬਿਨਾਂ ਵਿਆਜ ਅੱਗੇ ਪਾਈ ਗਈ ਹੈ | ਇਸ ਬਜਟ ਵਿਚ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਨਾ ਤਾਂ ਸਹਿਕਾਰੀ ਸਭਾਵਾਂ ਨੂੰ ਕੋਈ ਗਰਾਂਟ ਦਿੱਤੀ ਗਈ ਹੈ ਅਤੇ ਨਾ ਹੀ ਇਨ੍ਹਾਂ ਦੇ ਕਰਜ਼ੇ ਮੁਆਫ਼ ਕਰਨ ਸੰਬੰਧੀ ਕਿਸੇ ਨੀਤੀ ਦਾ ਐਲਾਨ ਕੀਤਾ ਗਿਆ ਹੈ | ਮੀਟਿੰਗ ਵਿਚ ਹਾਜ਼ਰ ਕਿਸਾਨ ਆਗੂਆਂ ਵਲੋਂ ਲਾਵਾਰਸ ਜਾਨਵਰਾਂ ਦਾ ਮੁੱਦਾ ਚੁੱਕਿਆ ਗਿਆ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕੇ ਮਾਨਯੋਗ ਸੁਪਰੀਮ ਕੋਰਟ ਦੇ ਫ਼ੈਸਲੇ ਅਨੁਸਾਰ ਲਾਵਾਰਸ ਜਾਨਵਰਾਂ 'ਤੇ ਕਾਰਵਾਈ ਕੀਤੀ ਜਾਵੇ | ਇਸ ਮੌਕੇ ਭਿੰਦਰ ਸਿੰਘ, ਵਕੀਲ ਸਿੰਘ, ਅਜਾਇਬ ਸਿੰਘ, ਸਤਵੀਰ ਸਿੰਘ, ਅਜਮੇਰ ਸਿੰਘ, ਗੁਰਧਿਆਨ ਸਿੰਘ ਮਾਣੂੰਕੇ, ਭੁਰਪੁਰ ਸਿੰਘ, ਸੁਖਵਿੰਦਰ ਸਿੰਘ, ਨੱਥੋਕੇ, ਰਣਜੀਤ ਸਿੰਘ ਰਾਜੇਆਣਾ, ਬਲਜਿੰਦਰ ਸਿੰਘ ਨਵੇਂ ਰੋਡੇ, ਗਮਦੂਰ ਸਿੰਘ, ਰੇਸ਼ਮ ਸਿੰਘ, ਜਗਵੀਰ ਸਿੰਘ, ਲਖਮੈਰ ਸਿੰਘ, ਗੁਰਮੀਤ ਸਿੰਘ ਘੋਲੀਆ ਖ਼ੁਰਦ, ਦਰਸ਼ਨ ਸਿੰਘ, ਗੁਰਜੰਟ ਸਿੰਘ ਬਾਘਾ ਪੁਰਾਣਾ ਆਦਿ ਵਲੋਂ ਹਾਜ਼ਰੀਆਂ ਭਰੀਆਂ ਗਈਆਂ |