ਮੋਗਾ, 4 ਫਰਵਰੀ (ਸੁਰਿੰਦਰਪਾਲ ਸਿੰਘ)-'ਆਪ' ਸਰਕਾਰ ਦੀ ਅੱਤ ਅਤੇ ਪ੍ਰਸ਼ਾਸਨ ਦੇ ਜਬਰ ਦਾ ਸ਼ਿਕਾਰ ਹੋਏ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ ਜਿਸ ਨਾਲ ਹੁਣ ਆਪ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ | ਸਰਕਾਰ ਸਮਝਦੀ ਸੀ ਮਜੀਠੀਆ ਨੂੰ ਝੂਠੇ ਕੇਸ 'ਚ ਫਸਾ ਕੇ ਅੰਦਰ ਦੇਣ ਨਾਲ ਅਕਾਲੀ ਲੀਡਰਾਂ ਅਤੇ ਵਰਕਰਾਂ ਦਾ ਮਨੋਬਲ ਟੁੱਟ ਜਾਵੇਗਾ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਨਿਡਰ ਅਗਵਾਈ 'ਚ ਅਕਾਲੀ ਦਲ ਦੇ ਲੀਡਰ ਅਤੇ ਸਮੁੱਚਾ ਕਾਡਰ ਮਜੀਠੀਆ ਨਾਲ ਚਟਾਨ ਵਾਂਗ ਖੜੇ ਰਹੇ | ਉਕਤ ਬਿਆਨ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਨੇ ਮੋਗਾ ਵਿਖੇ ਪੈੱ੍ਰਸ ਲਈ ਜਾਰੀ ਕੀਤਾ | ਪੱਪੂ ਰਾਮੂੰਵਾਲਾ ਨੇ ਇਸ ਖ਼ੁਸ਼ੀ ਭਰੇ ਮੌਕੇ 'ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਬੀਬਾ ਗਨੀਵ ਕੌਰ ਮਜੀਠੀਆ ਸਮੇਤ ਅਕਾਲੀ ਦਲ ਦੇ ਯੋਧੇ ਵਰਕਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੁਣ ਸੁਖਬੀਰ ਅਤੇ ਮਜੀਠੀਆ ਫਿਰ ਇਕੱਠੇ ਹੋ ਕੇ ਸਰਕਾਰ ਦੀ ਤਾਨਾਸ਼ਾਹੀ ਅਤੇ ਪੰਜਾਬ ਦੀ ਹੋ ਰਹੀ ਬਰਬਾਦੀ ਖ਼ਿਲਾਫ਼ ਲੜਨਗੇ |