ਠੱਠੀ ਭਾਈ, 4 ਫਰਵਰੀ (ਜਗਰੂਪ ਸਿੰਘ ਮਠਾੜੂ)-ਗਿਆਨ ਸਾਗਰ ਪਬਲਿਕ ਸਕੂਲ ਠੱਠੀ ਭਾਈ ਵਿਖੇ ਗੁਰਪ੍ਰੀਤ ਸਿੰਘ ਇੱਟਾਂ ਵਾਲੀ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਚੰਡੀਗੜ੍ਹ ਵਲੋਂ ਉਚੇਚੇ ਤੌਰ 'ਤੇ ਪਹੁੰਚ ਕੇ ਵੱਖ-ਵੱਖ ਖੇਤਰ ਵਿਚ ਨਾਮਣਾ ਖੱਟਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦਾ ਹੌਸਲਾ ਅਫਜਾਈ ਕੀਤੀ ਗਈ | ਉਨ੍ਹਾਂ ਵਲੋਂ ਪੰਜਾਬੀ ਭਾਸ਼ਾ ਉਲੰਪੀਅਡ-2025 ਦੇ ਹੋਏ ਰਾਜ ਪੱਧਰੀ ਟੈੱਸਟ 'ਚੋਂ ਗਿਆਨ ਸਾਗਰ ਪਬਲਿਕ ਸਕੂਲ ਠੱਠੀ ਭਾਈ ਦੀ ਵਿਦਿਆਰਥਣ ਅਵਨੀਤ ਕੌਰ ਨੂੰ ਪੰਜਾਬ ਭਰ 'ਚੋਂ ਦੂਜਾ ਸਥਾਨ ਪ੍ਰਾਪਤ ਕਰਨ 'ਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਐਜ਼ੂਕੇਟ ਪੰਜਾਬ ਪ੍ਰੋਜੈਕਟ ਵਲੋਂ ਲਏ ਗਏ ਇਮਤਿਹਾਨ ਵਿਚ ਮੈਰਿਟ ਸੂਚੀ 'ਚ ਸ਼ਾਮਿਲ ਹੋਣ ਵਾਲੇ ਬੱਚਿਆਂ ਨੂੰ ਨਕਦ ਰਾਸ਼ੀ, ਸਮਾਰਟ ਘੜੀਆਂ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਸਟੇਟ ਪੱਧਰ ਤੇ ਖੇਡਾਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ ਇਸ ਮੌਕੇ ਸਨਮਾਨ ਚਿੰਨ ਦਿੱਤੇ ਗਏ | ਗੁਰਪ੍ਰੀਤ ਸਿੰਘ ਇੱਟਾਂ ਵਾਲੀ ਵਲੋਂ ਬੱਚਿਆਂ, ਸਕੂਲ ਸਟਾਫ਼ ਨੂੰ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਗਈ | ਇਸ ਸਨਮਾਨ ਸਮਾਰੋਹ ਮੌਕੇ ਸਤਿੰਦਰ ਕੌਰ ਬੀ.ਐਨ.ਓ. ਬਾਘਾ ਪੁਰਾਣਾ, ਮੈਡਮ ਗੁਰਪ੍ਰੀਤ ਕੌਰ ਅਤੇ ਹਰਜਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਅੰਗਰੇਜ਼ ਸਿੰਘ, ਸਕੱਤਰ ਗੁਰਨੈਬ ਸਿੰਘ ਅਕਾਲੀ, ਪ੍ਰਧਾਨ ਜਸਵਿੰਦਰ ਸਿੰਘ ਅਤੇ ਮੈਨੇਜਿੰਗ ਡਾਇਰੈਕਟਰ ਗੁਰਸੇਵਕ ਸਿੰਘ ਚਾਨੀ ਨੇ ਆਏ ਹੋਏ ਮਹਿਮਾਨਾਂ ਦਾ ਜ਼ੋਰਦਾਰ ਸਵਾਗਤ ਕੀਤਾ | ਇਸ ਮੌਕੇ ਮੈਡਮ ਸੁਖਦੀਪ ਕੌਰ, ਡੀ.ਪੀ. ਅਵਤਾਰ ਸਿੰਘ, ਗੁਰਪ੍ਰੀਤ ਸਿੰਘ ਬੁਰਜ, ਮੈਡਮ ਕਮਲਜੀਤ ਕੌਰ ਅਤੇ ਬੱਚਿਆਂ ਦੇ ਮਾਪਿਆਂ ਤੋਂ ਇਲਾਵਾ ਸਮੂਹ ਸਟਾਫ਼ ਮੌਜੂਦ ਸੀ |