ਧਰਮਕੋਟ, 21 ਫਰਵਰੀ (ਪਰਮਜੀਤ ਸਿੰਘ)- ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਕਈ ਦਹਾਕਿਆਂ ਤੋਂ ਹਰ ਸਾਲ ਚੇਤਰ ਮਹੀਨੇ ਦੀ ਸੰਗਰਾਂਦ ਮੌਕੇ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਿਖੇ ਲੰਗਰ ਸੇਵਾ ਦੀ ਸ਼ੁਰੂ ਕੀਤੀ ਗਈ ਪਰੰਪਰਾ ਇਸ ਸਾਲ ਵੀ ਜਾਰੀ ਰਹੇਗੀ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਥੇ. ਤੋਤਾ ਸਿੰਘ ਦੇ ਸਪੁੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਉਹ ਆਪਣੇ ਪਿਤਾ ਦੀ ਸੇਵਾ ਭਾਵਨਾ ਅਤੇ ਗੁਰੂ ਘਰ ਪ੍ਰਤੀ ਨਿਸ਼ਠਾ ਨੂੰ ਅੱਗੇ ਵਧਾਉਂਦੇ ਹੋਏ ਇਸ ਵਾਰ ਵੀ ਸੰਗਤਾਂ ਲੰਗਰ ਸਮੱਗਰੀ ਇਕੱਠੀ ਕਰਕੇ ਸ੍ਰੀ ਦਰਬਾਰ ਸਾਹਿਬ ਵਿਖੇ 14 ਮਾਰਚ ਸੰਗਰਾਂਦ ਵਾਲੇ ਦਿਨ ਲੰਗਰ ਸੇਵਾ ਨਿਭਾਉਣਗੀਆਂ | ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਜਥੇਦਾਰ ਤੋਤਾ ਸਿੰਘ ਸਿਰਫ਼ ਇਕ ਰਾਜਨੀਤਿਕ ਆਗੂ ਨਹੀਂ, ਸਗੋਂ ਇਕ ਸਾਦਗੀ ਪਸੰਦ ਅਤੇ ਸੇਵਾ ਭਾਵਨਾ ਵਾਲੀ ਸ਼ਖ਼ਸੀਅਤ ਸਨ | ਉਨ੍ਹਾਂ ਨੇ ਆਪਣੇ ਰਾਜਨੀਤਿਕ ਜੀਵਨ ਦੌਰਾਨ ਸਿੱਖਿਆ, ਖੇਤੀਬਾੜੀ ਅਤੇ ਪਿੰਡ ਵਿਕਾਸ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ | ਉਨ੍ਹਾਂ ਦਾ ਪਰਿਵਾਰ ਜਥੇਦਾਰ ਤੋਤਾ ਸਿੰਘ ਦੀ ਵਿਰਾਸਤ ਨੂੰ ਸਾਂਭਦਿਆਂ ਸਮਾਜਿਕ ਅਤੇ ਧਾਰਮਿਕ ਕਾਰਜਾਂ ਵਿਚ ਲਗਾਤਾਰ ਭਾਗ ਲੈਂਦਾ ਰਹੇਗਾ |