ਤਲਵੰਡੀ ਭਾਈ, 21 ਫਰਵਰੀ (ਰਵਿੰਦਰ ਸਿੰਘ ਬਜਾਜ)-ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ਤਲਵੰਡੀ ਭਾਈ ਵਿਖੇ ਪਿ੍ੰਸੀਪਲ ਪ੍ਰੋਫੈਸਰ ਰਾਜਵਿੰਦਰ ਕੌਰ ਦੀ ਅਗਵਾਈ 'ਚ ਕਾਲਜ ਦੇ ਪੰਜਾਬੀ ਵਿਭਾਗ ਦੀ ਸਹਿਤ ਸਭਾ ਵਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਕਵੀ ਡਾ. ਸੁਰਜੀਤ ਪਾਤਰ ਦੀਆਂ ਕਵਿਤਾਵਾਂ 'ਤੇ ਆਧਾਰਤ ਨਾਟਕ 'ਭਾਸ਼ਾ ਬਹਿੰਦਾ ਦਰਿਆ' ਦੀ ਡਾਕੂਮੈਂਟਰੀ ਵਿਦਿਆਰਥੀਆਂ ਨੂੰ ਦਿਖਾਈ ਗਈ | ਨਾਟਕ 'ਚ ਡਾ. ਸੋਮਪਾਲ ਹੀਰਾ ਨੇ ਸਾਡੀ ਮਾਤ ਭਾਸ਼ਾ ਪੰਜਾਬੀ ਦੇ 1947 ਤੋਂ ਲੈ ਕੇ ਅੱਜ ਦੇ ਸਮੇਂ 'ਚ ਵਹਿੰਦੇ ਦਰਿਆ ਰੂਪੀ ਵਹਿਣ ਦਾ ਜ਼ਿਕਰ ਜ਼ਿਕਰ ਕੀਤਾ ਹੈ ਅਤੇ ਪੰਜਾਬੀ ਮਾਤ ਭਾਸ਼ਾ ਦਾ ਸਾਡੇ ਜੀਵਨ ਵਿਚ ਮਹੱਤਵ ਬਾਰੇ ਦੱਸਿਆ ਹੈ | ਕਾਲਜ ਪਿ੍ੰਸੀਪਲ ਪ੍ਰੋਫੈਸਰ ਰਾਜਵਿੰਦਰ ਕੌਰ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਦੇ ਰੁਤਬੇ ਨੂੰ ਬਰਕਰਾਰ ਰੱਖਣ ਲਈ ਇਹ ਨਾਟਕ ਇਕ ਮੀਲ ਪੱਥਰ ਹੈ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਸਤਪਾਲ ਸਿੰਘ ਤਲਵੰਡੀ ਨੇ ਕਿਹਾ ਕਿ ਵਿਦਿਆਰਥੀਆਂ 'ਚ ਪੰਜਾਬੀ ਭਾਸ਼ਾ ਨਾਲ ਮੋਹ ਪੈਦਾ ਕਰਨ ਅਤੇ ਉਨ੍ਹਾਂ ਨੂੰ ਸਹਿਤ ਅਤੇ ਕਲਾ ਨਾਲ ਜੋੜਨ ਲਈ ਪੰਜਾਬੀ ਵਿਭਾਗ ਦਾ ਇਹ ਬਹੁਤ ਹੀ ਵਧੀਆ ਯਤਨ ਹੈ | ਇਸ ਮੌਕੇ ਪ੍ਰੋਫੈਸਰ ਗਗਨਦੀਪ ਕੌਰ, ਡਾ. ਸੁਖਜਿੰਦਰ ਕੌਰ, ਪ੍ਰੋਫੈਸਰ ਗੁਰਪ੍ਰੀਤ ਸਿੰਘ, ਪ੍ਰੋਫੈਸਰ ਦਵਿੰਦਰ ਕੌਰ, ਪ੍ਰੋਫੈਸਰ ਗੂੰਜਨ, ਪ੍ਰੋਫੈਸਰ ਮਨਦੀਪ ਕੌਰ ਅਤੇ ਵੱਡੀ ਗਿਣਤੀ 'ਚ ਵਿਦਿਆਰਥੀ ਹਾਜ਼ਰ ਸਨ |