ਮੋਗਾ, 23 ਫਰਵਰੀ (ਸੁਰਿੰਦਰਪਾਲ ਸਿੰਘ)-ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਹਰਜਿੰਦਰਪਾਲ ਸਿੰਘ ਪੰਨੂ ਸੂਬਾ ਪ੍ਰਧਾਨ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਰਜਿ:, ਬਲਜਿੰਦਰ ਸਿੰਘ ਧਾਲੀਵਾਲ ਸੂਬਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ ਪੰਜਾਬ, ਧਰਮਜੀਤ ਸਿੰਘ ਢਿੱਲੋਂ ਸੂਬਾ ਪ੍ਰਧਾਨ ਲੈਕਚਰਾਰ ਕੇਡਰ ਯੂਨੀਅਨ ਪੰਜਾਬ, ਗੁਰਪ੍ਰੀਤ ਸਿੰਘ ਖੱਟੜਾ ਸੂਬਾ ਪ੍ਰਧਾਨ ਸਿੱਖਿਆ ਵਿਭਾਗ ਮਨਿਸਟਰੀਅਲ ਸਟਾਫ਼ ਐਸੋਸੀਏਸ਼ਨ ਪੰਜਾਬ ਨੇ ਸਾਂਝੇ ਤੌਰ 'ਤੇ ਬਿਆਨ ਜਾਰੀ ਕਰਦਿਆਂ ਉਨ੍ਹਾਂ ਸਭ ਅਧਿਆਪਕ/ਮੁਲਾਜ਼ਮ ਸਾਥੀਆਂ ਨੂੰ ਅਪੀਲ ਕੀਤੀ, ਜੋ ਸੰਘਰਸ਼ਾਂ ਨਾਲੋਂ ਵੱਧ ਤਰਜੀਹ ਜਬਰੀ ਥੋਪੇ ਟੈੱਟ ਨੂੰ ਦੇ ਰਹੇ ਹਨ, ਉਨ੍ਹਾਂ ਅਧਿਆਪਕ ਸਾਥੀਆਂ ਨੂੰ ਅਪੀਲ ਹੈ ਕਿ ਇਸ ਵਤੀਰੇ ਨਾਲ ਸੰਘਰਸ਼ਾਂ ਨੂੰ ਢਾਹ ਲੱਗਦੀ ਹੈ ਤੇ ਸਰਕਾਰਾਂ ਨੂੰ ਬਲ ਮਿਲਦਾ ਹੈ | ਸਮੁੱਚੇ ਅਧਿਆਪਕ ਵਰਗ ਨੂੰ ਇਸ ਦਾ ਪੂਰਨ ਬਾਈਕਾਟ ਰੱਖਣਾ ਚਾਹੀਦਾ ਹੈ | ਆਗੂਆਂ ਕਿਹਾ ਕਿ ਪੂਰੇ ਪੰਜਾਬ 'ਚ ਮੰਗ ਲਈ ਰੋਸ ਪੱਤਰ ਸੌਂਪ ਕੇ ਇਸ ਭਖਦੇ ਮਸਲੇ ਦੇ ਹੱਲ ਲਈ ਪਹਿਲੇ ਪੜਾਅ 'ਚ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਪੰਜਾਬ ਭਰ ਦੇ ਅਧਿਆਪਕਾਂ ਦਾ ਰੋਸ ਪੇਸ਼ ਕੀਤਾ ਜਾ ਰਿਹਾ ਹੈ ਜਿਸ ਦੇ ਨਾਲ ਹੀ ਹੋਰ ਭਰਾਤਰੀ ਯੂਨੀਅਨਾਂ ਵੀ ਰੋਸ ਵਜੋਂ ਆਪਣੇ ਆਪਣੇ ਸੰਘਰਸ਼ ਕਰ ਰਹੀਆਂ ਹਨ | ਸਮੁੱਚਾ ਅਧਿਆਪਕ/ਮੁਲਾਜ਼ਮ ਵਰਗ ਸੰਘਰਸ਼ ਕਰ ਕੇ ਮੌਜੂਦਾ ਪੰਜਾਬ ਸਰਕਾਰ 'ਤੇ ਇਸ ਗੱਲ ਦਾ ਦਬਾਅ ਬਣਾਵੇ ਕਿ ਪੰਜਾਬ ਸਰਕਾਰ ਪੰਜਾਬ ਦੇ ਅਧਿਆਪਕਾਂ ਦੇ ਮੁੱਖ ਮੁੱਦੇ ਦੇ ਹੱਲ ਲਈ ਆਰਡੀਨੈਂਸ ਜਾਰੀ ਕਰੇ ਤੇ ਕੇਂਦਰ ਸਰਕਾਰ ਤੇ ਸੁਪਰੀਮ ਕੋਰਟ ਸਾਹਮਣੇ ਵੀ ਠੋਕ ਵਜਾ ਕੇ ਪੱਖ ਰੱਖੇ ਅਤੇ ਵਿੱਤੀ ਤੇ ਵਿਭਾਗੀ ਮੰਗਾਂ ਦਾ ਹੱਲ ਕਰੇ, ਨਹੀਂ ਤਾਂ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਦੇ ਵਿਰੁੱਧ ਸੰਘਰਸ਼ ਹੋਰ ਤਿੱਖੇ ਹੋਣਗੇ, ਜਿਸ ਲਈ ਮੌਜੂਦਾ ਸਰਕਾਰ ਜ਼ਿੰਮੇਵਾਰ ਹੋਵੇਗੀ | ਸੰਘਰਸ਼ ਕਮੇਟੀ ਵਲੋਂ ਸਾਰੇ ਪੰਜਾਬ 'ਚ ਮੰਗ-ਪੱਤਰ ਸੌਂਪਣ ਬਾਅਦ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਹਨ |