ਮੋਗਾ, 23 ਫਰਵਰੀ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਦੀ ਮਾਲੀਆ ਹਦੂਦ ਅੰਦਰ ਕਿਸੇ ਵੀ ਰੈਸਟੋਰੈਂਟ, ਹੋਟਲ, ਕੈਫੇ ਜਾਂ ਹੋਰ ਸੰਸਥਾ ਵਲੋਂ ਕਿਸੇ ਵੀ ਤਰ੍ਹਾਂ ਦੀ ਇਲੈਕਟ੍ਰਾਨਿਕ ਸਿਗਰਟ (ਈ ਸਿਗਰੇਟ), ਵੇਪਸ, ਨਿਕੋਟੀਨ ਜਾਂ ਹੋਰ ਹਾਨੀਕਾਰਕ ਰਸਾਇਣ ਵਾਲੇ ਉਪਕਰਨਾਂ ਨੂੰ ਸਟੋਰ ਕਰਨ, ਵੇਚਣ, ਪ੍ਰਚਾਰਿਤ ਕਰਨ ਤੇ ਵਰਤੋਂ ਉੱਪਰ ਪੂਰਨ ਪਾਬੰਦੀ ਲਗਾਈ ਗਈ ਹੈ | ਜ਼ਿਲ੍ਹਾ ਮੈਜਿਸਟ੍ਰੇਟ ਸਾਗਰ ਸੇਤੀਆ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਜਨਤਕ ਸਿਹਤ ਅਤੇ ਕਲਿਆਣ ਲਈ ਖ਼ਤਰਾ ਬਣ ਸਕਦੀਆਂ ਹਨ ਕਿਉਂਕਿ ਇਲੈਕਟ੍ਰਾਨਿਕ ਸਿਗਰਟਾਂ (ਈ ਸਿਗਰੇਟ), ਵੇਪਸ ਅਤੇ ਇਸ ਤਰ੍ਹਾਂ ਦੇ ਹੋਰ ਉਪਕਰਨਾਂ ਵਿਚ ਨਿਕੋਟੀਨ ਅਤੇ ਹੋਰ ਹਾਨੀਕਾਰਕ ਰਸਾਇਣ ਮੌਜੂਦ ਹੁੰਦੇ ਹਨ ਜੋ ਮਨੁੱਖੀ ਸਿਹਤ ਲਈ, ਖ਼ਾਸ ਕਰ ਕੇ ਸਕੂਲ/ਕਾਲਜ ਦੇ ਵਿਦਿਆਰਥੀਆਂ ਅਤੇ ਨਾਬਾਲਗਾਂ ਲਈ ਗੰਭੀਰ ਖ਼ਤਰਾ ਪੈਦਾ ਕਰ ਸਕਦੇ ਹਨ | ਈ-ਸਿਗਰੇਟਾਂ/ਵੇਪਸ ਦੀ ਵਰਤੋਂ ਇਲੈਕਟ੍ਰਾਨਿਕ ਸਿਗਰਟਾਂ ਦੇ ਪਾਬੰਦੀ ਕਾਨੂੰਨ 2019 ਕੋਟਪਾ (ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਕਾਨੂੰਨ), ਐਫ.ਐਸ.ਐਸ.ਏ.ਆਈ. ਨਿਯਮ ਅਤੇ ਡਰੱਗਜ਼ ਐਂਡ ਕੋਸਮੈਟਿਕਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੀ ਉਲੰਘਣਾ ਕਰਦੀ ਹੈ, ਕਿਉਂਕਿ ਇਹ ਉਪਕਰਨ ਨਿਕੋਟੀਨ ਅਤੇ ਹੋਰ ਆਦਤ ਪੈਦਾ ਕਰਨ ਵਾਲੇ ਜਾਂ ਹਾਨੀਕਾਰਕ ਪਦਾਰਥ ਰੱਖਦੇ ਹਨ | ਸੰਸਥਾਵਾਂ ਨੂੰ ਗਾਹਕਾਂ ਨੂੰ ਵੇਪਸ ਜਾਂ ਈ-ਸਿਗਰਟਾਂ ਪੇਸ਼ ਕਰਨ ਜਾਂ ਵਰਤੋਂ ਦੀ ਆਗਿਆ ਦੇਣ ਤੋਂ ਪੂਰੀ ਤਰ੍ਹਾਂ ਮਨਾਹੀ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਇਹ ਆਦੇਸ਼ ਪੂਰੇ ਜ਼ਿਲ੍ਹੇ ਮੋਗਾ ਵਿਚ ਲਾਗੂ ਹੋਵੇਗਾ |