ਮੋਗਾ, 23 ਫਰਵਰੀ (ਗੁਰਤੇਜ ਸਿੰਘ ਬੱਬੀ)-ਅੱਜ ਸ਼ਾਮ ਕੋਈ ਚਾਰ ਵਜੇ ਦੇ ਕਰੀਬ ਮੋਗਾ ਜ਼ਿਲੇ੍ਹ ਦੇ ਪਿੰਡ ਡਾਲਾ ਕੋਲ਼ ਪੀ. ਆਰ.ਟੀ.ਸੀ. ਦੀ ਬੱਸ ਲੁੱਟਣ ਦੀਆਂ ਜੋ ਗੱਲਾਂ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਸਨ, ਉਹ ਅਫ਼ਵਾਹ ਹੀ ਸਾਬਤ ਹੋਈ | ਪ੍ਰਾਪਤ ਜਾਣਕਾਰੀ ਅਨੁਸਾਰ ਪੀ.ਆਰ.ਟੀ.ਸੀ. ਦੀ ਬੱਸ ਪੀ.ਬੀ. 13 ਬੀ.ਯੂ. 1171 ਜੋ ਕਿ ਮੋਗਾ ਤੋਂ ਸੰਗਰੂਰ ਜਾ ਰਹੀ ਸੀ ਅਤੇ ਜਦ ਉਹ ਪਿੰਡ ਡਾਲਾ ਦੇ ਬੱਸ ਸਟੈਂਡ 'ਤੇ ਆ ਕੇ ਰੁਕੀ ਤਾਂ ਇਕ ਸਕਾਰਪੀਓ ਸਵਾਰ ਨੌਜਵਾਨ ਬੱਸ ਵਿਚ ਸਵਾਰੀ ਚੜ੍ਹਾਉਣ ਲਈ ਆਇਆ ਸੀ ਅਤੇ ਕਿਸੇ ਗੱਲ ਨੂੰ ਲੈ ਕੇ ਉਸ ਦੀ ਬੱਸ ਦੇ ਕੰਡਕਟਰ ਨਾਲ ਬਹਿਸ ਬਾਜ਼ੀ ਹੋ ਗਈ ਅਤੇ ਗੱਲ ਮਾਰ ਕੁਟਾਈ ਤੱਕ ਪਹੁੰਚ ਗਈ ਅਤੇ ਜਦ ਇਸ ਘਟਨਾ ਦੀ ਸੂਚਨਾ 112 ਹੈਲਪ ਲਾਈਨ 'ਤੇ ਥਾਣਾ ਮਹਿਣਾ ਵਿਖੇ ਪਹੁੰਚੀ ਤਾਂ ਪੁਲਿਸ ਮੌਕੇ 'ਤੇ ਪੁੱਜੀ ਅਤੇ ਜਾਂਚ ਦੌਰਾਨ ਇਹ ਪਤਾ ਲੱਗਾ ਕਿ ਕੰਡਕਟਰ ਨਾਲ ਹੱਥੋ ਪਾਈ ਕਰਨ ਵਾਲਾ ਨੌਜਵਾਨ ਬਸੰਤ ਸਿੰਘ ਉਰਫ਼ ਰਿੰਕੂ ਪੁੱਤਰ ਜੱਗਾ ਸਿੰਘ ਸੀ ਅਤੇ ਜਦ ਪੁਲਿਸ ਉਸ ਦੇ ਘਰ ਪਹੁੰਚੀ ਤਾਂ ਉਹ ਘਰ ਨਹੀਂ ਮਿਲਿਆ | ਇਸ ਸਬੰਧੀ ਥਾਣਾ ਮਹਿਣਾ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਲੁੱਟਣ ਦੀਆਂ ਜੋ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ, ਉਹ ਬਿਲਕੁਲ ਗਲਤ ਹਨ ਅਤੇ ਪੁਲਿਸ ਇਸ ਮਾਮਲੇ ਦੀ ਜਾਂਚ ਵਿਚ ਲੱਗੀ ਹੋਈ ਹੈ ਅਤੇ ਬੱਸ ਦਾ ਕੰਡਕਟਰ ਜਗਸੀਰ ਸਿੰਘ ਸਿਵਲ ਹਸਪਤਾਲ ਮੋਗਾ ਵਿਚ ਜੇਰੇ ਇਲਾਜ ਹੈ | ਉਸ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |