ਮੋਗਾ, 23 ਫਰਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਅੱਜ ਪੰਜਾਬ ਦੇ ਸੱਦੇ 'ਤੇ ਅਤੇ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ 'ਤੇ ਬਾਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਐਡਵੋਕੇਟ ਸੁਖਵਿੰਦਰ ਸਿੰਘ ਸਿੱਧੂ ਦੀ ਅਗਵਾਈ ਵਿਚ ਕੀਤੀ ਗਈ ਸੱਤ ਦਿਨਾਂ ਹੜਤਾਲ ਅੱਜ ਤੀਸਰੇ ਦਿਨ ਵਿਚ ਸ਼ਾਮਿਲ ਹੋ ਗਈ ਅਤੇ ਅੱਜ ਬਾਰ ਐਸੋਸੀਏਸ਼ਨ ਮੋਗਾ ਦੇ ਸਮੂਹ ਵਕੀਲਾਂ ਨੇ ਵੱਡੀ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਬਾਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਐਡਵੋਕੇਟ ਸੁਖਵਿੰਦਰ ਸਿੰਘ ਸਿੱਧੂ ਨੇ ਗੱਲਬਾਤ ਦੌਰਾਨ ਦੱਸਿਆ ਕਿ ਜਿੰਨਾ ਚਿਰ ਉਨ੍ਹਾਂ ਦੀਆਂ ਮੰਗਾਂ ਦਾ ਸਥਾਈ ਹੱਲ ਨਹੀਂ ਨਿਕਲਦਾ, ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ ਕਿਉਂਕਿ ਮੁਫ਼ਤ ਕਾਨੂੰਨੀ ਸਹਾਇਤਾ ਪੰਜਾਬ ਇੰਡੀਆ ਜੋ ਲੀਗਲ ਏਡ ਡਿਫੈਂਸ ਕੌਂਸਲ ਵਿਚ ਨਿਯੁਕਤ ਕੀਤੇ ਗਏ ਹਨ, ਉਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਅਤੇ ਪ੍ਰਾਈਵੇਟ ਵਕੀਲਾਂ ਦੀ ਪ੍ਰੈਕਟਿਸ ਨੂੰ ਖੋਰਾ ਲਗਾਇਆ ਜਾ ਰਿਹਾ ਹੈ ਅਤੇ ਇਸ ਨਾਲ ਇਨਸਾਫ਼ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਅਤੇ ਇਸ ਨਾਲ ਇਕ ਹੋਰ ਨੀਤੀ ਜੋ ਕਿ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਐਕਸ਼ਨ ਪਲਾਨ ਰਾਹੀਂ ਕੇਸਾਂ ਨੂੰ ਮੁੱਖ ਰੱਖ ਕੇ ਨਿਬੇੜਨ, ਸਮਾਂਬੱਧ, ਹੇਠਲੀਆਂ ਅਦਾਲਤਾਂ 'ਤੇ ਥੋਪੀ ਹੈ, ਉਸ ਨਾਲ ਇਨਸਾਫ਼ ਦੀ ਆਸ ਨਹੀਂ ਬੱਝਦੀ ਅਤੇ ਆਪਣੇ ਕੇਸਾਂ ਦੀ ਪੈਰਵਾਈ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਵਕੀਲਾਂ ਦੇ ਨਾਲ-ਨਾਲ ਜੱਜ ਸਾਹਿਬਾਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ | ਇਸ ਲਈ ਪੰਜਾਬ ਸਰਕਾਰ ਅਤੇ ਹਾਈਕੋਰਟ ਨੂੰ ਇਸ 'ਤੇ ਮੁੜ ਤੋਂ ਗ਼ੌਰ ਕਰਨ ਦੀ ਲੋੜ ਹੈ ਅਤੇ ਵਕੀਲ ਭਾਈਚਾਰਾ ਇਸ ਦੇ ਵਿਰੋਧ ਵਿਚ ਖੜ੍ਹਾ ਆਪਣਾ ਸੰਘਰਸ਼ ਕਰ ਰਿਹਾ ਹੈ | ਇਸ ਮੌਕੇ ਸੈਕਟਰੀ ਰਾਜੀਵ ਮਿੱਤਲ, ਮੀਤ ਪ੍ਰਧਾਨ ਪਰਮਿੰਦਰ ਸਿੰਘ ਸੰਧੂ, ਖ਼ਜ਼ਾਨਚੀ ਅੰਕਤ ਗੁਪਤਾ, ਹਰਜੀਤ ਸਿੰਘ ਨਿਧਾਂਵਾਲਾ, ਰਾਜਪਾਲ ਸ਼ਰਮਾ ਸਾਬਕਾ ਬਾਰ ਪ੍ਰਧਾਨ, ਰਣਜੀਤ ਸਿੰਘ ਧਾਲੀਵਾਲ ਸਾਬਕਾ ਬਾਰ ਪ੍ਰਧਾਨ, ਦੀਦਾਰ ਸਿੰਘ ਮੱਤਾ ਸਾਬਕਾ ਬਾਰ ਪ੍ਰਧਾਨ, ਰਮੇਸ਼ ਗਰੋਵਰ ਸਾਬਕਾ ਬਾਰ ਪ੍ਰਧਾਨ, ਸੁਨੀਲ ਗਰਗ ਸਾਬਕਾ ਬਾਰ ਪ੍ਰਧਾਨ, ਵਿਨੀਤ, ਡੇਵਿਡ ਅਗਰਵਾਲ, ਕੁਲਵਿੰਦਰ ਸ਼ਰਮਾ, ਜਤਿੰਦਰ ਸਿੰਗਲਾ, ਰੁਪਿੰਦਰ ਸਿੰਘ ਬਰਾੜ, ਅਰਸ਼ਦੀਪ ਸਿੰਘ ਬਰਾੜ ਮੱਲਕੇ, ਕੇ.ਪੀ.ਐਸ. ਗਿੱਲ, ਹਰਦੀਪ ਸਿੰਘ ਸੇਤੀਆ, ਕੇਤਨ ਸੂਦ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਮੂਹ ਵਕੀਲ ਭਾਈਚਾਰਾ ਹਾਜ਼ਰ ਸੀ |