ਕੋਟ ਈਸੇ ਖਾਂ, 27 ਫਰਵਰੀ (ਗੁਰਮੀਤ ਸਿੰਘ ਖ਼ਾਲਸਾ)-ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਵਾਲਿਆਂ ਦੇ ਅਸ਼ੀਰਵਾਦ ਨਾਲ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਲੜਕੀਆਂ ਦੇ ਬਣਨ ਵਾਲੇ ਵੱਖਰੇ ਹੋਸਟਲ ਦੇ ਕੰਮ ਦੀ ਸ਼ੁਰੂਆਤ ਲਈ ਨੀਂਹ ਪੱਥਰ ਤੋਂ ਪਰਦਾ ਹਟਾ ਕੇ ਰਸਮੀ ਉਦਘਾਟਨ ਕੀਤਾ | ਵਿਧਾਇਕ ਦਾ ਇਥੇ ਪੁੱਜਣ ਸਮੇਂ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ | ਇਸ ਮੌਕੇ ਉਨ੍ਹਾਂ ਖ਼ੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਗਤੀਸ਼ੀਲ ਅਗਵਾਈ ਵਿਚ ਸੂਬਾ ਸਰਕਾਰ ਹਰ ਖੇਤਰ 'ਚ ਵਿਕਾਸ ਦੀਆਂ ਨਵੀਆਂ ਪੁਲਾਂਘਾਂ ਪੱਟ ਰਹੀ ਹੈ ਅਤੇ ਲੜਕੀਆਂ ਦਾ ਇਹ ਬਣਨ ਵਾਲਾ ਹੋਸਟਲ ਜ਼ਿਲੇ੍ਹ ਦਾ ਪਹਿਲਾ ਤੇ ਪੰਜਾਬ ਦਾ ਦੂਜਾ ਹੋਸਟਲ ਇਥੇ ਬਣ ਕੇ ਤਿਆਰ ਹੋਵੇਗਾ | ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਸ਼ਾਖਾ ਪੰਜਾਬ ਰਾਹੀਂ ਇਥੇ ਕਸਤੂਰਬਾ ਗਾਂਧੀ ਸ਼ਾਖਾ ਵਿਦਿਆਲਿਆ ਲੜਕੀਆਂ ਦਾ ਹੋਸਟਲ ਬਣਨ ਨਾਲ ਪੜ੍ਹਨ ਵਾਲੀਆਂ ਲੜਕੀਆਂ ਨੂੰ ਬਹੁਤ ਵੱਡਾ ਫ਼ਾਇਦਾ ਮਿਲੇਗਾ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਹਲਕਾ ਧਰਮਕੋਟ ਦੇ ਹਰ ਖੇਤਰ 'ਚ ਪਿੰਡਾਂ ਸ਼ਹਿਰਾਂ ਦੇ ਵਿਕਾਸ ਲਈ ਆਪਣੇ ਵਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਤੇ ਜੋ ਵਾਅਦੇ ਲੋਕਾਂ ਨਾਲ ਕੀਤੇ ਗਏ ਸੀ, ਉਸ ਤੋਂ ਵੀ ਕਿਤੇ ਵੱਧ ਕੇ ਕੰਮ ਕਰਵਾਏ ਜਾ ਰਹੇ ਹਨ ਜੋ ਉਨ੍ਹਾਂ ਦਾ ਮੁੱਢਲਾ ਫ਼ਰਜ਼ ਵੀ ਹੈ | ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਵਾਲਿਆਂ ਨੇ ਇਸ ਮੌਕੇ ਕਿਹਾ ਕਿ ਸਾਡੇ ਦੇਸ਼ ਪੰਜਾਬ ਦੀ ਅਸਲ ਤਰੱਕੀ ਲਈ ਸਾਡੇ ਬੱਚੇ, ਨੌਜਵਾਨ ਸਾਡਾ ਵਧੀਆ ਭਵਿੱਖ ਹਨ ਤੇ ਆਪਣੇ ਬੱਚਿਆਂ, ਨੌਜਵਾਨਾਂ, ਲੜਕੀਆਂ ਦੀ ਪੜ੍ਹਾਈ, ਖੇਡਾਂ ਤੇ ਹੋਰ ਵਿਕਸਿਤ ਗੱਲਾਂ ਨੂੰ ਲੈ ਕੇ ਵੱਧ ਤੋਂ ਵੱਧ ਉਪਰਾਲੇ ਹੋਣੇ ਚਾਹੀਦੇ ਹਨ ਤੇ ਇਸ ਨੇਕ ਉਪਰਾਲੇ ਲਈ ਵੀ ਵਿਧਾਇਕ ਲਾਡੀ ਢੋਸ, ਪਿੰਡ ਦੀ ਪੰਚਾਇਤ ਤੇ ਵਿਭਾਗ ਸਭ ਵਧਾਈ ਦੇ ਪਾਤਰ ਹਨ | ਇਸ ਤੋਂ ਇਲਾਵਾ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਅਤੇ ਬਾਬਾ ਗੁਰਮੀਤ ਸਿੰਘ ਜੀ ਖੋਸਾ ਕੋਟਲਾ ਵਲੋਂ ਬਾਬਾ ਫਤਿਹ ਸਿੰਘ ਜੀ ਖੋਸਾ ਕੋਟਲਾ ਵਾਲਿਆਂ ਦੀ ਯਾਦ 'ਚ ਪਿੰਡ ਵਿਚ ਬਣੇ ਨਵੇਂ ਪਾਰਕ ਦਾ ਵੀ ਉਦਘਾਟਨ ਕੀਤਾ ਗਿਆ | ਇਸ ਮੌਕੇ ਵਿਭਾਗਾਂ ਨਾਲ ਸੰਬੰਧਿਤ ਅਫ਼ਸਰ, ਸਰਪੰਚ ਤੇ ਗ੍ਰਾਮ ਪੰਚਾਇਤ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਆਗੂ ਤੇ ਪਤਵੰਤੇ ਹਾਜ਼ਰ ਸਨ |