ਨੱਥੂਵਾਲਾ ਗਰਬੀ, 27 ਫਰਵਰੀ (ਨਵਦੀਪ ਸਿੰਘ)-ਨੌਜਵਾਨ ਭਾਰਤ ਸਭਾ ਜ਼ਿਲ੍ਹਾ ਕਮੇਟੀ ਮੋਗਾ ਵਲੋਂ ਰਾਜਾ ਸਿੰਘ ਢੁੱਡੀਕੇ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਜਥੇਬੰਦੀ ਦਾ ਵਿਸਥਾਰ ਕਰਨ ਲਈ ਵੱਧ ਤੋਂ ਵੱਧ ਪਿੰਡਾਂ ਤੱਕ ਪਹੁੰਚ ਬਣਾਉਣੀ ਅਤੇ ਨੌਜਵਾਨਾਂ ਦੀ ਮੈਂਬਰਸ਼ਿਪ ਕਰਕੇ ਉੱਥੇ ਇਕਾਈ ਦੀ ਚੋਣ ਕਰਨੀ ਅਤੇ 23 ਮਾਰਚ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲ੍ਹਾਂ ਵਿਚ ਵੱਡਾ ਇਕੱਠ ਕਰਨਾ ਤੇ ਇਸ ਤੋਂ ਬਿਨਾਂ ਸਭਾ ਦੇ ਸੂਬੇ ਦਾ ਇਜਲਾਸ ਕਰਨ ਸੰਬੰਧੀ ਵਿਚਾਰ ਚਰਚਾ ਕੀਤੀ ਗਈ | ਮੀਟਿੰਗ 'ਚ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਸਭਾ ਦੇ ਮੀਤ ਪ੍ਰਧਾਨ ਕਰਮਜੀਤ ਸਿੰਘ ਮਾਣੂੰਕੇ ਤੇ ਜ਼ਿਲ੍ਹਾ ਪ੍ਰਧਾਨ ਰਾਜਦੀਪ ਸਿੰਘ ਨੇ ਜਥੇਬੰਦੀ ਦੇ ਵਿਧਾਨ ਨਾਮੇ ਜਥੇਬੰਦੀ ਦੇ ਲੋਕਾਂ 'ਚ ਵਿਚਰਨ ਅਤੇ ਕੰਮ ਕਰਨ ਦੇ ਢੰਗ ਬਾਰੇ ਵਿਚਾਰ ਚਰਚਾ ਕੀਤੀ | ਇਸ ਤੋਂ ਬਿਨਾਂ ਉਨ੍ਹਾਂ ਅਗਲੇ ਕਾਰਜਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਮਾਰਚ ਮਹੀਨੇ ਵਿਚ ਸਭਾ ਦਾ ਸੂਬਾ ਇਜਲਾਸ ਹੋ ਰਿਹਾ ਹੈ | ਸੋ ਇਸ ਲਈ ਸਾਨੂੰ ਵੱਧ ਤੋਂ ਵੱਧ ਪਿੰਡਾਂ 'ਚ ਪਹੁੰਚ ਬਣਾ ਕੇ ਨੌਜਵਾਨਾਂ ਦੀ ਮੈਂਬਰਸ਼ਿਪ ਕਰਨੀ ਚਾਹੀਦੀ ਹੈ ਤਾਂ ਜੋ ਇਜਲਾਸ ਲਈ ਵੱਡੀ ਗਿਣਤੀ ਵਿਚ ਡੈਲੀਗੇਟਾਂ ਦੀ ਚੋਣ ਕੀਤੀ ਜਾ ਸਕੇ | ਉਨ੍ਹਾਂ ਕਿਹਾ ਕਿ 23 ਮਾਰਚ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਇਸ ਵਾਰ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲ੍ਹਾਂ ਵਿਚ ਵੱਡਾ ਇਕੱਠ ਕਰਕੇ ਮਨਾਇਆ ਜਾਵੇਗਾ ਅਤੇ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਦੇ ਲਈ ਨੌਜਵਾਨ ਨੂੰ ਪ੍ਰੇਰਿਤ ਕੀਤਾ ਜਾਵੇਗਾ | ਸਮਾਜ 'ਚ ਫੈਲੀਆਂ ਕੁਰੀਤੀਆਂ ਨਸ਼ਾ, ਗੈਂਗਵਾਰ ਅਤੇ ਮਾਰ-ਧਾੜ ਵਾਲੇ ਗੀਤਾਂ ਤੋਂ ਪਾਸੇ ਚੱਲ ਨੌਜਵਾਨਾਂ ਚੰਗੇ ਪਾਸੇ ਤੋਰਿਆ ਜਾਵੇਗਾ | ਇਸ ਮੌਕੇ ਰਜਿੰਦਰ ਸਿੰਘ ਰਾਜੇਆਣਾ, ਰਾਜਾ ਸਿੰਘ, ਲਾਡੀ ਸਿੰਘ ਅਤੇ ਅਜੇ ਆਦਿ ਹਾਜ਼ਰ ਸਨ |