ਸਮਾਧ ਭਾਈ, 2 ਮਾਰਚ (ਜਗਰੂਪ ਸਿੰਘ ਸਰੋਆ)-ਗ੍ਰਾਮ ਪੰਚਾਇਤ ਕੋਟਲਾ ਕਾਹਨ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਪੰਚ ਆਪਣੇ ਪੰਚਾਂ ਸਮੇਤ ਸਾਬਕਾ ਪੰਚ ਗੁਲਜ਼ਾਰ ਸਿੰਘ ਦੀ ਪ੍ਰੇਰਨਾ ਸਦਕਾ ਹਲਕਾ ਇੰਚਾਰਜ ਤੀਰਥ ਸਿੰਘ ਮਾਹਲਾ ਤੇ ਪ੍ਰਧਾਨ ਗੁਰਜੀਤ ਸਿੰਘ ਕੋਟਲਾ ਸਰਕਲ ਸਮਾਧ ਭਾਈ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਏ | ਇਸ ਸਮੇਂ ਮੌਜੂਦਾ ਸਰਪੰਚ ਜੋਤੀ ਕੌਰ ਪਤਨੀ ਕੁਲਦੀਪ ਸਿੰਘ, ਪੰਚ ਸਰਬਜੀਤ ਕੌਰ, ਪੰਚ ਸੁਖਮੰਦਰ ਸਿੰਘ, ਪੰਚ ਸੁਰਜੀਤ ਸਿੰਘ ਤੇ ਪੰਚ ਮੁਖਤਿਆਰ ਕੌਰ ਨੂੰ ਪਾਰਟੀ 'ਚ ਸ਼ਾਮਲ ਹੋਣ 'ਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ | ਇਸ ਸਮੇਂ ਜਥੇਦਾਰ ਮਾਹਲਾ ਤੇ ਪ੍ਰਧਾਨ ਕੋਟਲਾ ਨੇ ਕਿਹਾ ਕਿ ਪੰਚਾਇਤ ਨੇ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੁੰਦਿਆਂ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਇਹ ਵੱਡਾ ਫ਼ੈਸਲਾ ਲਿਆ ਹੈ | ਉਨ੍ਹਾਂ ਗ੍ਰਾਮ ਪੰਚਾਇਤ ਦੇ ਇਨ੍ਹਾਂ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਸੂਬੇ ਅੰਦਰ ਆਉਣ ਵਾਲੀਆਂ ਚੋਣਾਂ ਵਿਚ ਸਰਕਾਰ ਬਣਾਈ ਜਾਵੇਗੀ ਤਾਂ ਜੋ ਲੋਕ ਸੇਵਾ ਕਰਨ ਲਈ ਠੋਸ ਫ਼ੈਸਲੇ ਲਏ ਜਾ ਸਕਣ | ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਮਜ਼ਬੂਤ ਹੁੰਦਾ ਅਕਾਲੀ ਦਲ ਹੀ ਪਿੰਡਾਂ ਦੇ ਅਸਲ ਵਿਕਾਸ ਦੀ ਮੁੜ ਤੋਂ ਨੀਂਹ ਰੱਖੇਗਾ | ਇਸ ਸਮੇਂ ਪਾਰਟੀ ਦੇ ਹੋਰ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ |