ਠੱਠੀ ਭਾਈ, 5 ਮਾਰਚ (ਜਗਰੂਪ ਸਿੰਘ ਮਠਾੜੂ)-ਪਿੰਡ ਸੇਖਾ ਕਲਾਂ ਵਿਚ ਸਮਾਜ ਸੇਵਾ ਦੀ ਲੜੀ ਨੂੰ ਜਾਰੀ ਰੱਖਦਿਆਂ ਬਾਬਾ ਰੁੱਖੜ ਦਾਸ ਪ੍ਰਬੰਧਕ ਕਮੇਟੀ ਵਲੋਂ ਚਲਾਈ ਜਾ ਰਹੀ ਸ਼ਗਨ ਸਕੀਮ ਅਧੀਨ ਇਕ ਲੋੜਵੰਦ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਗਈ | ਇਸ ਮੌਕੇ ਕਮੇਟੀ ਪ੍ਰਧਾਨ ਤੇਜਿੰਦਰ ਸਿੰਘ ਭੋਲਾ ਸਿੱਧੂ ਦੀ ਅਗਵਾਈ ਹੇਠ ਪਰਿਵਾਰ ਨੂੰ 11,000 ਰੁਪਏ ਦੀ ਸ਼ਗਨ ਰਾਸ਼ੀ ਸੌਂਪੀ ਗਈ | ਇਸ ਦੌਰਾਨ ਪਿੰਡ ਸੇਖਾ ਕਲਾਂ ਦੇ ਸਰਪੰਚ ਦਰਸ਼ਨ ਸਿੰਘ ਸੋਹੀ ਤੇ ਸਮੂਹ ਗ੍ਰਾਮ ਪੰਚਾਇਤ ਦੇ ਮੈਂਬਰ ਵੀ ਹਾਜ਼ਰ ਰਹੇ | ਪਿੰਡ ਵਾਸੀਆਂ ਨੇ ਕਿਹਾ ਕਿ ਕਮੇਟੀ ਵਲੋਂ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਇਹ ਉਪਰਾਲਾ ਕਾਬਿਲ-ਏ-ਤਾਰੀਫ਼ ਹੈ ਤੇ ਇਸ ਤਰ੍ਹਾਂ ਦੀਆਂ ਸਮਾਜ ਸੇਵੀ ਗਤੀਵਿਧੀਆਂ ਨਾਲ ਪਿੰਡ ਵਿਚ ਭਾਈਚਾਰੇ ਤੇ ਸਹਿਯੋਗ ਦੀ ਭਾਵਨਾ ਮਜ਼ਬੂਤ ਹੁੰਦੀ ਹੈ | ਸਰਪੰਚ ਦਰਸ਼ਨ ਸਿੰਘ ਸੋਹੀ ਤੇ ਕਮੇਟੀ ਪ੍ਰਧਾਨ ਤੇਜਿੰਦਰ ਸਿੰਘ ਭੋਲਾ ਸਿੱਧੂ ਨੇ ਦੱਸਿਆ ਕਿ ਸ਼ਗਨ ਸਕੀਮ ਦਾ ਮੁੱਖ ਉਦੇਸ਼ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਦੀ ਸਹਾਇਤਾ ਕਰਨਾ ਹੈ ਤਾਂ ਜੋ ਉਹ ਆਪਣੇ ਘਰੇਲੂ ਤੇ ਸਮਾਜਿਕ ਫ਼ਰਜ਼ ਇੱਜ਼ਤ ਨਾਲ ਨਿਭਾ ਸਕਣ |