ਬਾਘਾ ਪੁਰਾਣਾ, 8 ਮਾਰਚ (ਟਿੰਕੂ ਕਾਠਪਾਲ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤੇ ਜਾਣ ਤੋਂ ਬਾਅਦ ਪਾਰਟੀ ਦੇ ਡੈਲੀਗੇਟਾਂ ਤੇ ਅਹੁਦੇਦਾਰਾਂ ਦੀ ਚੋਣ ਪ੍ਰਕਿਰਿਆ ਨੂੰ ਅੱਗੇ ਵਧਾਇਆ ਗਿਆ | ਇਸ ਸਬੰਧੀ ਹਲਕਾ ਬਾਘਾ ਪੁਰਾਣਾ ਵਿਚ ਜਗਤਾਰ ਸਿੰਘ ਰਾਜੇਆਣਾ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਵੱਖ-ਵੱਖ ਪਾਰਟੀ ਆਗੂਆਂ ਤੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ | ਮੀਟਿੰਗ 'ਚ ਗੁਰਜੰਟ ਸਿੰਘ ਭੁੱਟੋ ਰੋਡੇ ਤੇ ਬਲਤੇਜ ਸਿੰਘ ਲੰਗੇਆਣਾ ਵਲੋਂ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਗਈ ਅਤੇ ਮੌਜੂਦਾ ਰਾਜਨੀਤਕ ਸਥਿਤੀ 'ਤੇ ਪਾਰਟੀ ਦੀ ਭਵਿੱਖੀ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਗੁਰਜੰਟ ਸਿੰਘ ਭੁੱਟੋ ਨੇ ਮੌਜੂਦਾ ਸੱਤਾਧਾਰੀ ਪਾਰਟੀ 'ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਨਹੀਂ ਉੱਤਰੀ | ਬਲਤੇਜ ਸਿੰਘ ਲੰਗੇਆਣਾ ਨੇ ਵੀ ਮੀਟਿੰਗ ਦੌਰਾਨ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪਾਰਟੀ ਦੇ ਸਾਰੇ ਆਗੂ ਅਤੇ ਵਰਕਰ ਇਕੱਠੇ ਹੋ ਕੇ ਇਕ ਪਲੇਟ ਫਾਰਮ 'ਤੇ ਕੰਮ ਕਰਨਗੇ | ਇਸ ਮੌਕੇ ਮਾਸਟਰ ਆਤਮਾ ਸਿੰਘ ਰੋਡੇ, ਸਰਬਜੀਤ ਸਿੰਘ ਸਰਪੰਚ ਵੈਰੋਕੇ, ਅਵਤਾਰ ਸਿੰਘ ਰਾਜੇਆਣਾ, ਗੁਰਪ੍ਰੀਤ ਸਿੰਘ ਬਰਾੜ ਰਾਜੇਆਣਾ, ਇੰਦਰਜੀਤ ਸਿੰਘ ਲੰਗੇਆਣਾ, ਕਪਤਾਨ ਸਿੰਘ ਲੰਗੇਆਣਾ, ਸੁਖਦੀਪ ਸਿੰਘ ਰੋਡੇ, ਗੁਰਦੇਵ ਸਿੰਘ ਢਿੱਲੋਂ ਰਾਜੇਆਣਾ, ਸਰਪੰਚ ਦਰਸ਼ਨ ਸਿੰਘ ਗਿੱਲ, ਨਛੱਤਰ ਸਿੰਘ ਚੰਦ ਪੁਰਾਣਾ, ਮਲਕੀਤ ਸਿੰਘ ਬਾਘਾ ਪੁਰਾਣਾ, ਹਰਚਰਨ ਸਿੰਘ ਸਰਪੰਚ, ਡਾ. ਰੇਸ਼ਮ ਸਿੰਘ ਠੱਠੀ ਭਾਈ, ਭੁਪਿੰਦਰ ਸਿੰਘ ਗਿੱਲ ਆਦਿ ਹਾਜ਼ਰ ਸਨ |