ਮੋਗਾ, 11 ਮਾਰਚ (ਸੁਰਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਕਿਹਾ ਕਿ ਮੋਗਾ ਜ਼ਿਲ੍ਹੇ 'ਚ ਐਲ.ਪੀ.ਜੀ. ਗੈਸ, ਪੈਟਰੋਲ ਤੇ ਡੀਜ਼ਲ ਦਾ ਸਟਾਕ ਤੇ ਸਪਲਾਈ ਪੂਰੀ ਤਰ੍ਹਾਂ ਆਮ ਵਾਂਗ ਹੈ ਤੇ ਲੋਕਾਂ ਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ | ਅੱਜ ਕੌਮਾਂਤਰੀ ਪੱਧਰ 'ਤੇ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਇਹਤਿਆਤੀ ਕਦਮਾਂ ਵਜੋਂ ਸਥਿਤੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਐਲ.ਪੀ.ਜੀ. ਗੈਸ ਏਜੰਸੀ ਡੀਲਰਾਂ ਤੇ ਹਿੰਦੁਸਤਾਨ ਪੈਟਰੋਲੀਅਮ, ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਧਿਕਾਰੀਆਂ, ਪੈਟਰੋਲ ਪੰਪ ਡੀਲਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ | ਇਸ ਦੌਰਾਨ ਜ਼ਿਲ੍ਹੇ 'ਚ ਐਲ.ਪੀ.ਜੀ. ਗੈਸ, ਪੈਟਰੋਲ ਤੇ ਡੀਜ਼ਲ ਦੀ ਸਪਲਾਈ ਦੀ ਸਥਿਤੀ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ | ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਐਲ.ਪੀ.ਜੀ. ਗੈਸ ਸਿਲੰਡਰਾਂ ਦੇ ਨਾਲ-ਨਾਲ ਪੈਟਰੋਲ ਤੇ ਡੀਜ਼ਲ ਦੀ ਸਪਲਾਈ ਸੁਚਾਰੂ ਤਰੀਕੇ ਨਾਲ ਜਾਰੀ ਹੈ ਤੇ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਥਿਤੀ 'ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਸਪਲਾਈ ਚੇਨ ਨੂੰ ਸੁਚਾਰੂ ਬਣਾਈ ਰੱਖਣ ਲਈ ਸਬੰਧਿਤ ਵਿਭਾਗਾਂ ਨਾਲ ਨਿਰੰਤਰ ਸੰਪਰਕ ਬਣਾਇਆ ਗਿਆ ਹੈ | ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਡੀਲਰਾਂ ਨੂੰ ਹਦਾਇਤ ਕੀਤੀ ਕਿ ਉਹ ਗਾਹਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨਾ ਆਉਣ ਦੇਣ ਅਤੇ ਨਿਯਮਾਂ ਅਨੁਸਾਰ ਹੀ ਸਪਲਾਈ ਯਕੀਨੀ ਬਣਾਈ ਜਾਵੇ | ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਵਲੋਂ ਨਕਲੀ ਘਾਟ ਪੈਦਾ ਕਰਨ ਜਾਂ ਜਮ੍ਹਾਖ਼ੋਰੀ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਐਲ.ਪੀ.ਜੀ. ਗੈਸ, ਪੈਟਰੋਲ ਤੇ ਡੀਜ਼ਲ ਦੀ ਸਪਲਾਈ ਬਾਰੇ ਸੋਸ਼ਲ ਮੀਡੀਆ ਜਾਂ ਹੋਰ ਸਰੋਤਾਂ ਰਾਹੀਂ ਫੈਲ ਰਹੀਆਂ ਨਕਾਰਾਤਮਿਕ ਖ਼ਬਰਾਂ ਤੇ ਅਫ਼ਵਾਹਾਂ 'ਤੇ ਵਿਸ਼ਵਾਸ ਨਾ ਕੀਤਾ ਜਾਵੇ | ਮੀਟਿੰਗ ਦੌਰਾਨ ਸਾਰੇ ਡੀਲਰਾਂ ਨੇ ਡਿਪਟੀ ਕਮਿਸ਼ਨਰ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹੇ ਵਿਚ ਸਪਲਾਈ ਪੂਰੀ ਤਰ੍ਹਾਂ ਸਾਧਾਰਨ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਘਾਟ ਨਹੀਂ ਹੈ | ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਨਿਵਾਸੀਆਂ ਨੂੰ ੂ ਅਪੀਲ ਕੀਤੀ ਕਿ ਬੇਲੋੜੀ ਖ਼ਰੀਦਦਾਰੀ ਤੋਂ ਬਚਣ ਅਤੇ ਸਿਰਫ਼ ਆਪਣੀ ਲੋੜ ਅਨੁਸਾਰ ਹੀ ਐਲ.ਪੀ.ਜੀ. ਗੈਸ, ਪੈਟਰੋਲ ਅਤੇ ਡੀਜ਼ਲ ਦੀ ਖ਼ਰੀਦਦਾਰੀ ਕਰਨ | ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਅਫ਼ਵਾਹਾਂ 'ਤੇ ਧਿਆਨ ਨਾ ਦੇਣ ਤੇ ਸਿਰਫ਼ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਕੀਤੀ ਅਧਿਕਾਰਕ ਜਾਣਕਾਰੀ 'ਤੇ ਹੀ ਵਿਸ਼ਵਾਸ ਕਰਨ | ਉਨ੍ਹਾਂ ਦੱਸਿਆ ਕਿ ਕਿਸੇ ਡੀਲਰ ਜਾਂ ਖਪਤਕਾਰ ਵਲੋਂ ਘਰੇਲੂ ਗੈਸ, ਪੈਟਰੋਲ ਤੇ ਡੀਜ਼ਲ ਦੀ ਸਪਲਾਈ ਵਿਚ ਕਿਸੇ ਕਿਸਮ ਦੀ ਸਮੱਸਿਆ ਆਉਂਦੀ ਹੈ ਤਾਂ ਉਹ ਨੋਡਲ ਅਫ਼ਸਰ ਜਸਵਿੰਦਰ ਸਿੰਘ ਮੋਬਾਈਲ ਨੰਬਰ 90415-02323 ਨਾਲ ਸੰਪਰਕ ਕਰਕੇ ਆਪਣੀ ਸਮੱਸਿਆ ਦਰਜ ਕਰਵਾ ਸਕਦੇ ਹਨ | ਇਸ ਮੌਕੇ ਡੀ.ਐਫ.ਐਸ.ਸੀ. ਮੋਗਾ ਸੁਖਵਿੰਦਰ ਸਿੰਘ ਗਿੱਲ, ਦਿਨੇਸ਼ ਬਾਂਸਲ ਇੰਸਪੈਕਟਰ ਸਪਲਾਈ, ਅਵਿਨਾਸ਼ ਗੁਪਤਾ ਪ੍ਰਧਾਨ ਮੋਗਾ ਗੈਸ ਡਿਸਟ੍ਰੀਬਿਊਟਰਜ਼, ਹਨੀਸ਼ ਸੇਠੀ ਗੈਸ ਸਰਵਿਸ, ਅਮਨਦੀਪ ਸਿੰਘ, ਅਰਪਿਤ ਮਹਿਤਾ, ਰਜਨੀਸ਼ ਥਾਪਰ, ਜੋਨੀ ਸ਼ਰਮਾ ਡੀ.ਜੀ.ਐਮ. (ਪੀਆਰ), ਥਿੰਕ ਗੈਸ ਅਭਿਸ਼ੇਕ ਗਿਰੀ ਸੇਲਜ਼ ਅਫ਼ਸਰ ਆਈ.ਓ.ਸੀ.ਐਲ., ਸੁਖਜਿੰਦਰ ਸਿੰਘ ਕਾਕਾ ਬਲਖੰਡੀ ਪ੍ਰਧਾਨ, ਅਵਿਨਾਸ਼ ਚਿਤਰਾਂਸ਼ ਸੇਲਜ਼ ਅਫ਼ਸਰ ਐਚ.ਪੀ.ਸੀ.ਐਲ., ਇੰਦਰਜੀਤ ਸਿੰਘ, ਰਿਤਿਕ ਸ਼ੁਕਲਾ ਸਾਹਿਲ ਕੁਮਾਰ, ਜਤਿੰਦਰ ਸਿੰਘ, ਅਨੁਰਾਗ ਕੁਮਾਰ, ਹਰਮੀਤ ਸਿੰਘ, ਸਤਨਾਮ ਸਿੰਘ, ਰਾਜਦੀਪ ਸਿੰਘ, ਯਾਦੂ ਗਰਗ, ਸੁਖਬੀਰ ਸਿੰਘ ਸੰਧੂ, ਅਮਨ ਗਰਗ, ਜਗਜੀਤ ਸਿੰਘ, ਪੰਕਜ ਸ਼ਰਮਾ, ਸੁਖਵਿੰਦਰ ਸਿੰਘ ਸੁੱਖੀ ਪ੍ਰਧਾਨ ਪੈਟਰੋਲ ਆਦਿ ਹਾਜ਼ਰ ਸਨ |