ਗੈਸ ਦੀ ਕਿੱਲਤ ਕਾਰਨ ਉਦਯੋਗਿਕ ਤੇ ਵਪਾਰਕ ਕਾਰੋਬਾਰ ਪ੍ਰਭਾਵਿਤ ਹੋਵੇਗਾ-ਰਾਮੂਵਾਲੀਆ
ਅਜੀਤ ਡੈਸਕ
12-03-2026
ਮੋਗਾ, 11 ਮਾਰਚ (ਜਸਪਾਲ ਸਿੰਘ ਬੱਬੀ)-ਪੰਜਾਬ ਪ੍ਰਦੇਸ਼ ਵਪਾਰ ਮੰਡਲ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਸੁਖਚੈਨ ਸਿੰਘ ਰਾਮੂਵਾਲੀਆ, ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਧੁੰਨਾ ਤੇ ਹਰਮਨ ਸਿੰਘ ਸਦਿਓੜਾ ਨੇ ਕਿਹਾ ਕਿ ਐਲ.ਪੀ.ਜੀ. ਗੈਸ ਦੀ ਭਾਰੀ ਕਿੱਲਤ ਕਾਰਨ ਵੱਡੇ ਛੋਟੇ ਕਾਰੋਬਾਰ ਪ੍ਰਭਾਵਿਤ ਹੋਣਗੇ ਕਿਉਂਕਿ ਜ਼ਿਆਦਾ ਇੰਡਸਟਰੀ ਦੀ ਮਸ਼ੀਨਰੀ ਤੇ ਮਾਲ ਦੀ ਪ੍ਰੋਡਕਸ਼ਨ ਦਾ ਕੰਮ ਗੈਸ ਦੀ ਵਰਤੋਂ 'ਤੇ ਨਿਰਭਰ ਕਰਦਾ ਹੈ | ਅਜਿਹੇ ਵਿਚ ਗੈਸ ਦੀ ਸਪਲਾਈ ਨਾ ਮਿਲਣ ਕਾਰਨ ਕਾਰੋਬਾਰ 'ਤੇ ਅਸਰ ਪਵੇਗਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਰੋਜ਼ਮਰਾ ਦੀ ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ ਦੀ ਸਪਲਾਈ ਨੂੰ ਨਿਰੰਤਰ ਜਾਰੀ ਰੱਖਿਆ ਜਾਵੇ | ਉਨ੍ਹਾਂ ਨੇ ਕਿਹਾ ਕਿ ਕਮਰਸ਼ੀਅਲ ਗੈਸ ਦੇ ਨਾਲ ਨਾਲ ਘਰੇਲੂ ਗੈਸ ਦੀ ਸਪਲਾਈ ਵਿਚ ਦੇਰੀ ਹੋਣ ਨਾਲ ਖਪਤਕਾਰਾਂ ਨੂੰ ਮੁਸ਼ਕਲਾਂ ਹੋਣਗੀਆਂ | ਉਨ੍ਹਾਂ ਸਰਕਾਰ ਨੂੰ ਐਲ.ਪੀ.ਜੀ. ਗੈਸ ਦੀ ਸਪਲਾਈ ਆਮ ਵਾਂਗ ਜਾਰੀ ਰੱਖਣ ਦੀ ਅਪੀਲ ਕੀਤੀ |