ਨਿਹਾਲ ਸਿੰਘ ਵਾਲਾ, 11 ਮਾਰਚ (ਸੁਖਦੇਵ ਸਿੰਘ ਖ਼ਾਲਸਾ)-ਬਹੁਜਨ ਸਮਾਜ ਪਾਰਟੀ ਵਲੋਂ ਪਾਰਟੀ ਦੇ ਜਨਮ ਦਾਤਾ ਮਰਹੂਮ ਆਗੂ ਕਾਂਸ਼ੀ ਰਾਮ ਦੇ ਜਨਮ ਦਿਵਸ 'ਤੇ ਰਾਜ ਪੱਧਰੀ ਸੱਤਾ ਪ੍ਰਾਪਤ ਰੈਲੀ 15 ਮਾਰਚ ਨੂੰ ਪਿੰਡ ਬਹਿਰਾਮ (ਬੰਗਾ) ਦੀ ਦਾਣਾ ਮੰਡੀ 'ਚ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਕੀਤੀ ਜਾ ਰਹੀ ਹੈ | ਰੈਲੀ ਸਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਹਲਕਾ ਇੰਚਾਰਜ ਕੇਵਲ ਸਿੰਘ ਸੈਦੋਕੇ ਨੇ ਦੱਸਿਆ ਕਿ ਇਸ ਸੱਤਾ ਪ੍ਰਾਪਤ ਰੈਲੀ 'ਚ ਪਾਰਟੀ ਦੇ ਰਾਸ਼ਟਰੀ ਆਗੂਆਂ ਤੋਂ ਇਲਾਵਾ ਸੂਬੇ ਦੇ ਆਗੂ ਆਪਣੇ ਵਿਚਾਰ ਸਾਂਝੇ ਕਰਨਗੇ | ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਸੱਤਾ ਦੀ ਲਾਲਸਾ 'ਚ ਰਾਜ ਸੱਤਾ ਹੰਢਾਉਣ ਵਾਲੀਆਂ ਰਾਜਸੀ ਪਾਰਟੀਆਂ ਨੇ ਸੱਤਾ ਹਥਿਆਉਣ ਲਈ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਦੀਆਂ ਸਕੀਮਾਂ ਦਾ ਲਾਲਚ ਦੇ ਕੇ ਵੋਟਾਂ ਬਟੋਰੀਆਂ ਜਿਸ ਦਾ ਨਤੀਜਾ ਅੱਜ ਪੰਜਾਬ ਉੱਪਰ 4 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਚੜ੍ਹ ਚੁੱਕਿਆ ਹੈ ਤੇ ਹਰ ਪੰਜਾਬੀ ਸਿਰ ਸਵਾ ਲੱਖ ਰੁਪਏ ਕਰਜ਼ਾ ਹੋ ਗਿਆ ਹੈ | ਪਰ ਅਜੇ ਵੀ ਪੰਜਾਬ ਅੰਦਰ ਰਾਜ ਸੱਤਾ ਹਾਸਲ ਕਰਨ ਲਈ ਰਾਜਸੀ ਪਾਰਟੀਆਂ ਵਲੋਂ ਸੂਬੇ ਦੇ ਲੋਕਾਂ ਨੂੰ ਹੋਰ ਮੁਫ਼ਤ ਸਕੀਮਾਂ ਦੇ ਲਾਰੇ ਲਾਏ ਜਾ ਰਹੇ ਹਨ | ਜਿਸ ਕਾਰਨ ਪੰਜਾਬ ਸਿਰ ਕਰਜ਼ੇ ਦੀ ਵਧ ਰਹੀ ਪੰਡ ਨੇ ਸੂਬੇ ਨੂੰ ਕੰਗਾਲੀ ਦੇ ਕਿਨਾਰੇ ਲਿਆ ਖੜਾ ਕੀਤਾ ਹੈ | ਇਸ ਮੌਕੇ ਠੇਕੇਦਾਰ ਅੰਮਿ੍ਤਪਾਲ ਸਿੰਘ, ਪ੍ਰਧਾਨ ਭਰਪੂਰ ਸਿੰਘ, ਜਨਰਲ ਸੈਕਟਰੀ ਸੁਖਮੰਦਰ ਸਿੰਘ ਰਾਮਾ, ਯੂਥ ਆਗੂ ਨਿੰਦਾ ਸਿੰਘ ਬੱਧਨੀ, ਭਾਗ ਸਿੰਘ ਫ਼ੌਜੀ ਮਾਣੂੰਕੇ, ਨੰਬਰਦਾਰ ਕੌਰ ਸਿੰਘ ਮਾਛੀਕੇ ਆਦਿ ਹਾਜ਼ਰ ਸਨ |