ਮੋਗਾ, 11 ਮਾਰਚ (ਸੁਰਿੰਦਰਪਾਲ ਸਿੰਘ)-ਅਕਾਲੀ ਦਲ ਅੰਮਿ੍ਤਸਰ ਦੀ ਵਿਸ਼ੇਸ਼ ਮੀਟਿੰਗ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਖ਼ਾਲਸਾ ਦੀ ਪ੍ਰਧਾਨਗੀ ਹੇਠ ਮੋਗਾ ਵਿਖੇ ਹੋਈ ਜਿਸ ਵਿਚ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਰਾਜ ਸਿੰਘ ਖ਼ਾਲਸਾ ਨੇ ਕਿਹਾ ਕਿ ਆਪ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਔਰਤਾਂ ਨਾਲ ਇਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਜਿਸ ਸਦਕਾ ਪੰਜਾਬ ਦੀਆਂ ਬੀਬੀਆਂ ਨੇ ਵੱਧ ਤੋਂ ਵੱਧ ਵੋਟਾਂ ਪਾ ਕੇ ਆਪ ਪਾਰਟੀ ਦੀ 92 ਸੀਟਾਂ 'ਤੇ ਜਿੱਤ ਦਿਵਾਈ ਸੀ ਪਰ 4 ਸਾਲ ਬੀਤ ਜਾਣ ਤੋਂ ਬਾਅਦ ਔਰਤਾਂ ਨਾਲ ਕੀਤਾ ਵਾਅਦਾ ਵਫ਼ਾ ਨਹੀਂ ਹੋ ਸਕਿਆ ਤੇ ਹੁਣ ਸਰਕਾਰ ਨੇ ਚੋਣ ਸਟੰਟ ਖੇਡਦਿਆਂ ਬੀਤੇ ਕੱਲ੍ਹ ਔਰਤਾਂ ਨੂੰ ਇਕ ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ | ਬਲਰਾਜ ਖ਼ਾਲਸਾ ਨੇ ਕਿਹਾ ਕਿ ਅਸੀਂ ਭਗਵੰਤ ਮਾਨ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਜੋ ਚੋਣਾਂ ਤੋਂ ਪਹਿਲਾਂ ਜੋ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕਰੋ ਤੇ ਜੋ ਚਾਰ ਸਾਲ ਦਾ ਬਕਾਇਆ 48 ਹਜ਼ਾਰ ਰੁਪਏ ਬਣਦਾ ਹੈ ਉਹ ਔਰਤਾਂ ਦੇ ਖਾਤੇ ਵਿਚ ਪਾਇਆ ਜਾਵੇ | ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਦੇ ਲੋਕ ਆ ਰਹੀਆਂ 2027 ਚੋਣਾਂ ਵਿਚ ਇਸ ਸਰਕਾਰ ਨੂੰ ਚੱਲਦਾ ਕਰਨ ਦਾ ਮਨ ਬਣਾਈ ਬੈਠੇ ਹਨ | ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਸਰਕਲ ਪ੍ਰਧਾਨ ਨਿਹਾਲ ਸਿੰਘ ਵਾਲਾ, ਹਰਪ੍ਰੀਤ ਸਿੰਘ ਯੂਥ ਵਿੰਗ ਵਾਈਸ ਪ੍ਰਧਾਨ ਮੋਗਾ, ਬਲੌਰ ਸਿੰਘ ਰੌਂਤਾ, ਬਲਤੇਜ ਸਿੰਘ ਪੱਤੋ, ਜਗਦੀਸ਼ ਸਿੰਘ ਧਰਮਕੋਟ, ਪ੍ਰੀਤਮ ਸਿੰਘ ਧਰਮੀ ਫ਼ੌਜੀ, ਬਲਜੀਤ ਸਿੰਘ ਫ਼ਤਿਹਗੜ੍ਹ ਕੋਰੋਟਾਣਾ, ਹਰਜੀਤ ਸਿੰਘ ਫਿਰੋਜਵਾਲ ਆਦਿ ਹਾਜ਼ਰ ਸਨ |