ਛੱਪੜ ਦੇ ਗੰਦੇ ਪਾਣੀ ਦੀ ਗੰਭੀਰ ਸਮੱਸਿਆ ਨਾਲ ਕਿਸਾਨਾਂ ਦੀਆਂ ਫ਼ਸਲਾਂ ਹੋਣ ਲੱਗੀਆਂ ਬਰਬਾਦ
ਅਜੀਤ ਡੈਸਕ
03-04-2026
ਠੱਠੀ ਭਾਈ, 2 ਅਪ੍ਰੈਲ (ਜਗਰੂਪ ਸਿੰਘ ਮਠਾੜੂ)-ਪਿੰਡ ਠੱਠੀ ਭਾਈ 'ਚ ਛੱਪੜ ਦੇ ਗੰਦੇ ਪਾਣੀ ਦੀ ਠੀਕ ਨਿਕਾਸੀ ਨਾ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ | ਪਿੰਡ ਦੇ ਵੱਖ-ਵੱਖ ਕਿਸਾਨਾਂ ਨੇ ਦੱਸਿਆ ਕਿ ਛੱਪੜ ਦਾ ਗੰਦਾ ਪਾਣੀ ਉਨ੍ਹਾਂ ਦੀਆਂ ਪੱਕੀਆਂ ਫ਼ਸਲਾਂ ਵਿਚ ਪੈ ਰਿਹਾ ਹੈ, ਜਿਸ ਨਾਲ ਫ਼ਸਲਾਂ ਲਗਾਤਾਰ ਬਰਬਾਦ ਹੋ ਰਹੀਆਂ ਹਨ | ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਬਾਰੇ ਉਹ ਕਈ ਵਾਰ ਗ੍ਰਾਮ ਪੰਚਾਇਤ ਨੂੰ ਜਾਣੰੂ ਕਰਵਾ ਚੁੱਕੇ ਹਨ ਤੇ ਪਾਣੀ ਦੀ ਰੋਕਥਾਮ ਲਈ ਬੇਨਤੀਆਂ ਵੀ ਕੀਤੀਆਂ ਗਈਆਂ ਹਨ, ਪਰ ਅਜੇ ਤੱਕ ਕੋਈ ਢੰਗ ਦਾ ਹੱਲ ਨਹੀਂ ਨਿਕਲਿਆ | ਲੰਬੇ ਸਮੇਂ ਤੋਂ ਗੰਦਾ ਪਾਣੀ ਖੇਤਾਂ 'ਚ ਪੈਣ ਕਾਰਨ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ | ਕਿਸਾਨ ਨਿਰਮਲ ਸਿੰਘ ਕਿੰਗਰਾ ਨੇ ਦੱਸਿਆ ਕਿ ਛੱਪੜ ਤੋਂ ਆ ਰਿਹਾ ਉਨ੍ਹਾਂ ਦੇ ਖੇਤਾਂ ਨਾਲ ਲੰਘਦਾ ਨਿਕਾਸੀ ਨਾਲਾ ਸਹੀ ਤਰੀਕੇ ਨਾਲ ਸਾਫ਼ ਨਾ ਹੋਣ ਤੇ ਕਈ ਥਾਵਾਂ 'ਤੇ ਕੱਚਾ ਹੋਣ ਕਾਰਨ ਗੰਦਾ ਪਾਣੀ ਸਿੱਧਾ ਖੇਤਾਂ ਵਿਚ ਦਾਖ਼ਲ ਹੋ ਜਾਂਦਾ ਹੈ | ਇਸੇ ਤਰ੍ਹਾਂ ਪਿੰਡ ਬੰਬੀਹਾ ਭਾਈ ਦੇ ਸਾਬਕਾ ਸਰਪੰਚ ਜੋ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਬੂਟਾ ਸਿੰਘ ਨੇ ਕਿਹਾ ਕਿ ਹਰ ਵਾਰ ਇਹੀ ਸਮੱਸਿਆ ਸਾਹਮਣੇ ਆਉਂਦੀ ਹੈ ਤੇ ਉਨ੍ਹਾਂ ਦੀ ਫ਼ਸਲ ਬਰਬਾਦ ਹੋ ਜਾਂਦੀ ਹੈ | ਕਿਸਾਨਾਂ ਨੇ ਗ੍ਰਾਮ ਪੰਚਾਇਤ ਤੇ ਸਰਕਾਰ ਕੋਲ ਮੰਗ ਕੀਤੀ ਹੈ ਕਿ ਨਿਕਾਸੀ ਨਾਲੇ ਨੂੰ ਪੱਕਾ ਕੀਤਾ ਜਾਵੇ ਤੇ ਇਸ ਦੀ ਨਿਯਮਿਤ ਸਫ਼ਾਈ ਯਕੀਨੀ ਬਣਾਈ ਜਾਵੇ, ਤਾਂ ਜੋ ਭਵਿੱਖ 'ਚ ਫ਼ਸਲਾਂ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ | ਇਸ ਸਬੰਧੀ ਜਦੋਂ ਪਿੰਡ ਦੇ ਸਰਪੰਚ ਐਡਵੋਕੇਟ ਪ੍ਰਦੀਪ ਸਿੰਘ ਕਿੰਗਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤ ਕੋਲ ਗਰਾਂਟ ਦੀ ਘਾਟ ਹੋਣ ਕਾਰਨ ਇਹ ਮਸਲਾ ਲੰਬੇ ਸਮੇਂ ਤੋਂ ਲਟਕਿਆ ਹੋਇਆ ਹੈ | ਉਨ੍ਹਾਂ ਮੰਨਿਆਂ ਕਿ ਕਿਸਾਨਾਂ ਦਾ ਨੁਕਸਾਨ ਵਾਜਬ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਦੱਸਿਆ ਕਿ ਗ੍ਰਾਮ ਪੰਚਾਇਤ ਵਲੋਂ ਹਲਕਾ ਵਿਧਾਇਕ ਨੂੰ ਮਿਲ ਕੇ ਗਰਾਂਟ ਦੀ ਮੰਗ ਕੀਤੀ ਗਈ ਹੈ, ਪਰ ਅਜੇ ਤੱਕ ਕੋਈ ਰਕਮ ਪ੍ਰਾਪਤ ਨਹੀਂ ਹੋਈ | ਉਨ੍ਹਾਂ ਕਿਹਾ ਕਿ ਬੇਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਪਿੰਡਾਂ 'ਚ ਪੰਜ ਪੰਜ ਕਰੋੜ ਰੁਪਏ ਵਿਕਾਸ ਕਾਰਜਾਂ ਲਈ ਪਏ ਹਨ ਪਰ ਠੱਠੀ ਭਾਈ ਕੋਲ ਫੁੱਟੀ ਕੌੜੀ ਵੀ ਨਾ ਹੋਣ ਕਾਰਨ ਇਹ ਪਿੰਡ ਵਿਕਾਸ ਪੱਖੋਂ ਪੱਛੜਦਾ ਹੋਇਆ ਦਿਖਾਈ ਦੇ ਰਿਹਾ ਹੈ | ਸਰਪੰਚ ਕਿੰਗਰਾ ਨੇ ਭਰੋਸਾ ਦਿੰਦਿਆਂ ਕਿਹਾ ਕਿ ਜਲਦ ਹੀ ਨਿਕਾਸੀ ਨਾਲੇ ਦੀ ਸਫ਼ਾਈ ਕਰਵਾ ਕੇ ਅਸਥਾਈ ਤੌਰ 'ਤੇ ਇਸ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ |