ਬਠਿੰਡਾ, 2 ਅਪ੍ਰੈਲ (ਪ.ਪ.)- ਸ਼ਹਿਰ ਦੇ ਵਿਕਾਸ ਨੂੰ ਨਵੀਂ ਗਤੀ ਦੇਣ ਲਈ ਨਗਰ ਨਿਗਮ ਦੇ ਜਨਰਲ ਹਾਊਸ ਮੀਟਿੰਗ ਵਿਚ 11 ਏਜੰਡੇ ਪਾਸ ਕਰਦੇ ਹੋਏ ਲਗਭਗ 93 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ | ਇਹ ਮੀਟਿੰਗ ਮੇਅਰ ਪਦਮਜੀਤ ਸਿੰਘ ਮਹਿਤਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਕਮਿਸ਼ਨਰ ਲਵਜੀਤ ਕੌਰ ਕਲਸੀ, ਸੰਯੁਕਤ ਕਮਿਸ਼ਨਰ ਰਾਕੇਸ਼ ਮੀਨਾ ਤੋਂ ਇਲਾਵਾ ਅਸਿਸਟੈਂਟ ਕਮਿਸ਼ਨਰ ਸੁਨੀਲ ਮਹਿਤਾ ਮੌਜੂਦ ਰਹੇ | ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਘਾਟ ਬਾਰੇ ਵਿਰੋਧੀ ਧੜੇ ਦੇ ਇਤਰਾਜ਼ਾਂ ਕਾਰਨ ਏਜੰਡਾ ਨੰਬਰ 4 ਅਤੇ 7 ਨੂੰ ਰੱਦ ਕੀਤਾ ਗਿਆ ਹੈ | ਇਸ ਮੀਟਿੰਗ ਦੌਰਾਨ ਨਿਗਮ ਮੇਅਰ ਨੇ ਐਲਾਨ ਕੀਤਾ ਕਿ ਉਹ 7 ਅਪ੍ਰੈਲ ਨੂੰ ਹਾਊਸ ਮੀਟਿੰਗ ਕਰਨਗੇ ਕਿਉਂਕਿ ਕਈ ਕੌਂਸਲਰਾਂ ਵਲੋਂ ਆਪਣੇ ਇਲਾਕੇ ਦੇ ਵਿਕਾਸ ਕੰਮਾਂ ਸਬੰਧੀ ਜ਼ਰੂਰਤ ਨੂੰ ਉਜਾਗਰ ਕੀਤਾ ਗਿਆ ਸੀ | ਭਾਵੇਂਕਿ ਇਹ ਮੀਟਿੰਗ ਸਾਂਤੀ ਪੂਰਵਕ ਮਾਹੌਲ ਵਿਚ ਹੋਈ | ਇਸ ਦੌਰਾਨ ਏਜੰਡਾ ਨੰਬਰ 2 ਅਤੇ 3 ਪਾਸ ਕੀਤਾ ਗਿਆ ਪਰ ਸਾਬਕਾ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਵਲੋਂ ਸੜਕ ਦੀ ਸਫ਼ਾਈ ਲਈ ਏਜੰਡਾ ਨਗਰ 4, 5 ਅਤੇ 6 ਦਾ ਕਰੋੜਾਂ ਰੁਪਏ ਦਾ ਟੈਂਡਰ ਕਰਨ 'ਤੇ ਇਤਰਾਜ਼ ਜਤਾਇਆ ਗਿਆ, ਜਿਸ ਦੀ ਕੁਲ ਕੀਮਤ 53 ਕਰੋੜ ਰੁਪਏ ਹੈ | ਇਸ ਦੌਰਾਨ ਇਕ ਕੌਂਸਲਰ ਵਲੋਂ ਮਾਡਲ ਟਾਊਨ ਦੇ ਪਬਲਿਕ ਟਾਇਲੈਟ ਦੀ ਮਾੜੀ ਹਾਲਤਾਂ ਦਾ ਮਸਲਾ ਚੁੱਕਿਆ ਗਿਆ, ਮੇਅਰ ਪਦਮਜੀਤ ਸਿੰਘ ਮਹਿਤਾ ਨੇ ਖ਼ੁਦ ਮੰਨਿਆ ਕਿ ਸ਼ਹਿਰ ਦੇ ਜ਼ਿਆਦਾਤਰ ਪਬਲਿਕ ਟਾਇਲਟਾਂ ਦੀ ਹਾਲਤ ਖ਼ਰਾਬ ਹੈ | ਰਾਮ ਬਾਗ ਰੋਡ ਦੀ ਕੌਂਸਲਰ ਕਿਰਨਾ ਰਾਣੀ ਨੇ ਆਪਣੇ ਵਾਰਡ ਵਿਚ ਪਿਛਲੇ ਲੰਬੇ ਸਮੇਂ ਲੋਕਾਂ ਨੂੰ ਸਾਫ਼ ਪੀਣ ਵਾਲੇ ਪਾਣੀ ਨਾ ਮਿਲਣ ਅਤੇ ਸੜਕਾਂ ਦੀ ਤਰਸਯੋਗ ਬਣੀ ਹਾਲਤ ਸਬੰਧੀ ਮੇਅਰ ਨੂੰ ਜਾਣੂ ਕਰਵਾਇਆ ਗਿਆ | ਉਨ੍ਹਾਂ ਭਰੋਸਾ ਦਿੱਤਾ ਕਿ ਸਮੱਸਿਆ ਨੂੰ ਜਲਦ ਸੁਧਾਰ ਕੀਤਾ ਜਾਵੇਗਾ | ਇਸ ਮੀਟਿੰਗ ਦੌਰਾਨ ਬੇਸਹਾਰਾ ਪਸੂਆਂ ਅਤੇ ਕੁੱਤਿਆਂ ਦੀ ਸਮੱਸਿਆ ਦਾ ਮੁੱਦਾ ਵਿਚਾਰਿਆ ਗਿਆ, ਕੌਂਸਲਰਾਂ ਨੇ ਕਿਹਾ ਕਿ ਸ਼ਹਿਰ ਵਿਚ ਵੱਡੀ ਗਿਣਤੀ ਝੁੰਡ ਬਣਾ ਕੇ ਘੁੰਮਦੇ ਆਵਾਰਾ ਪਸੂ ਸ਼ਹਿਰ ਵਾਸੀਆਂ ਲਈ ਮੁਸੀਬਤ ਬਣੇ ਹੋਏ ਹਨ | ਇਨ੍ਹਾਂ ਜਾਨਵਰਾਂ ਕਾਰਨ ਹਾਦਸੇ ਵਾਪਰ ਰਹੇ ਹਨ | ਮੇਅਰ ਨੇ ਕਿਹਾ ਕਿ ਇਸ ਸਮੱਸਿਆ 'ਤੇ ਜਲਦ ਵਿਚਾਰ ਕਰਕੇ ਹੱਲ ਕੀਤਾ ਜਾਵੇਗਾ | ਨਿਗਮ ਦੀ ਲੇਖਾ ਅਤੇ ਨਿਰਮਾਣ ਸ਼ਾਖਾ ਦੀ ਰਿਪੋਰਟ ਵਿਚ ਸਾਫ਼ ਕਿਹਾ ਗਿਆ ਹੈ, ਕਿ ਨਿਗਮ ਦੇ ਕੋਲ ਪਹਿਲਾਂ ਹੀ ਵਿੱਤੀ ਦੇਣਦਾਰੀਆਂ ਵੱਧ ਹਨ ਅਤੇ ਉਪਲਬਧ ਬਜਟ ਇਨ੍ਹਾਂ ਯੋਜਨਾਵਾਂ ਦੇ ਅਨੁਕੂਲ ਨਹੀਂ ਹੈ | ਦੂਜੇ ਪਾਸੇ ਸੜਕਾਂ ਅਤੇ ਗਲੀਆਂ ਦੇ ਨਿਰਮਾਣ ਤੇ ਵੀ ਕਰੀਬ 34 ਕਰੋੜ ਰੁਪਏ ਖਰਚ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ | ਇਨ੍ਹਾਂ ਵਿਚੋਂ 7 ਕਰੋੜ ਰੁਪਏ ਪਹਿਲਾਂ ਹੀ ਖਰਚ ਹੋ ਚੁੱਕੇ ਹਨ ਅਤੇ ਬਾਕੀ ਕੰਮ ਪੂਰੇ ਕਰਨ ਲਈ ਮਨਜ਼ੂਰੀ ਮੰਗੀ ਗਈ ਹੈ | ਇਸ ਤਰ੍ਹਾਂ ਕੁਲ ਪ੍ਰਸਤਾਵਿਤ ਖਰਚ 88 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ |