ਕੋਟ ਈਸੇ ਖਾਂ, 5 ਅਪ੍ਰੈਲ (ਗੁਰਮੀਤ ਸਿੰਘ ਖ਼ਾਲਸਾ)- ਬੇ-ਮੌਸਮੀ ਤੇਜ ਬਾਰਸ਼ ਤੇ ਗੜੇਮਾਰੀ ਦੇ ਚੱਲਦਿਆਂ ਬਹੁਤ ਸਾਰੀਆਂ ਥਾਵਾਂ 'ਤੇ ਕਣਕ ਦੀ ਪੱਕੀ ਫ਼ਸਲ ਖ਼ਰਾਬ ਹੋਈ ਹੈ, ਜਿਸ ਦਾ ਅਸਰ ਮੋਗੇ ਜ਼ਿਲੇ੍ਹ ਤੇ ਖ਼ਾਸ ਕਰ ਹਲਕਾ ਧਰਮਕੋਟ ਵਿਚ ਵੀ ਦੇਖਣ ਨੂੰ ਮਿਲਿਆ | ਸੂਬੇ ਦੀ ਮਾਨ ਸਰਕਾਰ ਨੂੰ ਬਿਨ੍ਹਾਂ ਕਿਸੇ ਦੇਰੀ ਦੇ ਇਨ੍ਹਾਂ ਫ਼ਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਤੁਰੰਤ ਪ੍ਰਭਾਵਿਤ ਕਿਸਾਨਾਂ ਨੂੰ ਜਾਰੀ ਕਰਨਾ ਚਾਹੀਦਾ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ (ਮਾਨ ਦਲ) ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਖ਼ਾਲਸਾ ਨੇ ਕਰਦਿਆਂ ਕਿਹਾ ਕਿ ਕਣਕ ਦੀ ਫ਼ਸਲ ਤੋਂ ਇਲਾਵਾ ਬਾਗ਼ਬਾਨੀ ਤੇ ਸਬਜ਼ੀਆਂ ਦੀਆਂ ਫ਼ਸਲਾਂ ਨੂੰ ਵੀ ਵੱਡਾ ਨੁਕਸਾਨ ਪਹੁੰਚਿਆ ਹੈ, ਜਿਸ ਨਾਲ ਪ੍ਰਭਾਵਿਤ ਕਿਸਾਨਾਂ ਦੀ ਆਰਥਿਕਤਾ ਨੂੰ ਵੀ ਵੱਡੀ ਢਾਹ ਲੱਗੀ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹੋਵੇ ਜਾਂ ਪੰਜਾਬ ਸਰਕਾਰ ਦੋਨੋਂ ਸਰਕਾਰਾਂ ਨੇ ਬੀਤੇ ਸਮਿਆਂ 'ਚ ਕਿਸਾਨੀ ਲਈ ਸਿਵਾਏ ਬਿਆਨਬਾਜ਼ੀਆਂ ਦੇ ਕੁਝ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬ ਵਿਚ ਬਹੁਤ ਸਾਰੀਆਂ ਥਾਵਾਂ 'ਤੇ ਕਿਸਾਨ ਹੜ੍ਹਾਂ ਦੀ ਵੱਡੀ ਮਾਰ ਦਾ ਕਹਿਰ ਵੀ ਝੱਲ ਚੁੱਕੇ ਹਨ, ਉਦੋਂ ਵੀ ਸਰਕਾਰ ਨੇ ਨਾਲ ਦੀ ਨਾਲ ਮੁਆਵਜ਼ੇ ਦੇਣ ਦੇ ਦਾਅਵੇ ਕੀਤੇ ਸਨ ਪਰ ਉਨ੍ਹਾਂ ਵਿਚੋਂ ਬਹੁਤ ਸਾਰੇ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਅਜੇ ਤੱਕ ਨਹੀਂ ਹੋਈ | ਬਲਰਾਜ ਸਿੰਘ ਖ਼ਾਲਸਾ ਨੇ ਕਿਹਾ ਕਿ ਹੁਣ ਗੜੇਮਾਰੀ ਨਾਲ ਜਿਹੜੇ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋਇਆ ਹੈ, ਉਸ ਲਈ ਸੂਬੇ ਦੀ ਭਗਵੰਤ ਮਾਨ ਸਰਕਾਰ ਸਿਰਫ਼ ਹਮਦਰਦੀ ਤੱਕ ਸੀਮਤ ਨਾ ਰਹੇ ਤੇ ਕਿਸੇ ਵੀ ਦੇਰੀ ਦੇ ਬਜਾਏ ਨੁਕਸਾਨ ਦੀ ਭਰਪਾਈ ਤੁਰੰਤ ਕੀਤੀ ਜਾਵੇ ਤਾਂ ਜੋ ਕਿਸਾਨਾਂ ਦੇ ਜ਼ਖ਼ਮਾਂ 'ਤੇ ਮਲ੍ਹਮ ਲੱਗ ਸਕੇ |