ਮੋਗਾ, 12 ਅਪ੍ਰੈਲ (ਜਸਪਾਲ ਸਿੰਘ ਬੱਬੀ)-ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਅੰਮਿ੍ਤਪਾਲ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਫਾਰਮਰ ਰਜਿਸਟਰੀ 'ਚ ਕਿਸਾਨ ਦੀ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੈ | ਉਨ੍ਹਾਂ ਕਿਹਾ ਕਿ ਇਸ ਨਵੀਂ ਪ੍ਰਕਿ੍ਆ ਦਾ ਮੁੱਖ ਉਦੇਸ਼ ਕਿਸਾਨਾਂ ਦਾ ਇਕ ਕੇਂਦਰੀ ਡਾਟਾ ਬੇਸ ਤਿਆਰ ਕਰਨਾ ਹੈ ਤਾਂ ਜੋ ਸਰਕਾਰੀ ਸਹਾਇਤਾ ਸਿੱਧੀ ਤੇ ਪਾਰਦਰਸ਼ੀ ਤਰੀਕੇ ਨਾਲ ਅਸਲ ਲਾਭਪਾਤਰੀਆਂ ਤੱਕ ਪਹੁੰਚਾਈ ਜਾ ਸਕੇ | ਡਾ. ਅੰਮਿ੍ਤਪਾਲ ਸਿੰਘ ਨੇ ਕਿਹਾ ਕਿ ਭਵਿੱਖ 'ਚ ਕੇਵਲ ਉਨ੍ਹਾਂ ਹੀ ਕਿਸਾਨਾਂ ਨੂੰ ਪੀ. ਐਮ. ਕਿਸਾਨ ਯੋਜਨਾ ਤਹਿਤ ਵਿੱਤੀ ਕਿਸ਼ਤਾਂ ਜਾਰੀ ਕੀਤੀਆਂ ਜਾਣਗੀਆਂ, ਜਿਨ੍ਹਾਂ ਨੇ ਆਪਣੀ ਫਾਰਮਰ ਰਜਿਸਟਰੀ ਮੁਕੰਮਲ ਕਰ ਲਈ ਹੋਵੇਗੀ | ਇਸ ਰਜਿਸਟਰੇਸ਼ਨ ਪ੍ਰਕਿ੍ਆ ਦੌਰਾਨ ਹਰੇਕ ਲਾਭਪਾਤਰੀ ਕਿਸਾਨ ਦੀ ਇਕ ਵਿਲੱਖਣ ਕਿਸਾਨ ਆਈ.ਡੀ. ਤਿਆਰ ਕੀਤੀ ਜਾਵੇਗੀ ਤੇ ਇਸ ਆਈ.ਡੀ. ਨੂੰ ਕਿਸਾਨ ਦੇ ਮੌਜੂਦਾ ਪੀ.ਐਮ. ਕਿਸਾਨ ਖਾਤੇ ਨਾਲ ਲਿੰਕ ਕੀਤਾ ਜਾਵੇਗਾ ਜਿਸ ਨਾਲ ਕਿਸਾਨ ਦੀ ਪਛਾਣ ਤੇ ਜ਼ਮੀਨੀ ਰਿਕਾਰਡ ਦੀ ਤਸਦੀਕ ਕਰਨਾ ਸੌਖਾ ਹੋ ਜਾਵੇਗਾ | ਜਿਹੜੇ ਕਿਸਾਨ ਇਹ ਰਜਿਸਟੇ੍ਰਸ਼ਨ ਨਹੀਂ ਕਰਵਾਉਣਗੇ, ਉਨ੍ਹਾਂ ਦੀਆਂ ਭਵਿੱਖ 'ਚ ਸਾਰੀਆਂ ਕਿਸ਼ਤਾਂ ਰੁਕ ਜਾਣਗੀਆਂ | ਉਨ੍ਹਾਂ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਬਿਨ੍ਹਾਂ ਕਿਸੇ ਦੇਰੀ ਦੇ ਆਪਣੀ ਰਜਿਸਟਰੇਸ਼ਨ ਪ੍ਰਕਿ੍ਆ ਪੂਰੀ ਕਰਵਾਉਣ | ਕਿਸਾਨ ਆਪਣੀ ਰਜਿਸਟ੍ਰੇਸ਼ਨ ਲਈ ਆਪਣੇ ਨੇੜਲੇ ਕਾਮਨ ਸਰਵਿਸ ਸੈਂਟਰ ਵਿਖੇ ਕਰਵਾ ਸਕਦੇ ਹਨ ਜਾਂ ਸਬੰਧਿਤ ਬਲਾਕ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਸੰਪਰਕ ਕਰ ਸਕਦੇ ਹਨ | ਰਜਿਸਟਰੇਸ਼ਨ ਕਰਾਉਣ ਸਮੇਂ ਕਿਸਾਨ ਆਪਣਾ ਆਧਾਰ ਕਾਰਡ ਤੇ ਜਮਾਂ ਬੰਦੀ ਨਾਲ ਲੈ ਕੇ ਜਾਣ ਤਾਂ ਜੋ ਮੌਕੇ 'ਤੇ ਹੀ ਬਿਨ੍ਹਾਂ ਰੁਕਾਵਟ 'ਤੇ ਕਾਰਵਾਈ ਮੁਕੰਮਲ ਹੋ ਸਕੇ |