ਮੋਗਾ, 12 ਅਪ੍ਰੈਲ (ਗੁਰਤੇਜ ਸਿੰਘ ਬੱਬੀ)-ਸਿਵਲ ਹਸਪਤਾਲ ਮੋਗਾ ਵਿਖੇ ਸਫ਼ਾਈ ਕਰਮਚਾਰੀਆਂ ਦੀ ਸੁਰੱਖਿਆ, ਸਿਹਤ ਤੇ ਹੁਨਰ ਵਿਕਾਸ ਨੂੰ ਮੱਦੇਨਜ਼ਰ ਰੱਖਦਿਆਂ ਦੋ ਦਿਨਾਂ ਦੀ ਵਿਸ਼ੇਸ਼ ਟਰੇਨਿੰਗ ਵਰਕਸ਼ਾਪ ਸਫਲਤਾਪੂਰਵਕ ਆਯੋਜਿਤ ਕੀਤੀ ਗਈ | ਇਹ ਟਰੇਨਿੰਗ ਸਿਵਲ ਸਰਜਨ ਮੋਗਾ ਡਾ. ਰਮਨਦੀਪ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਿੰਦਰ ਸਿੰਘ ਸੂਦ ਦੀ ਅਗਵਾਈ ਵਿਚ ਕਰਵਾਈ ਗਈ | ਇਸ ਬਾਰੇ ਸਿਵਲ ਸਰਜਨ ਮੋਗਾ ਨੇ ਕਿਹਾ ਕਿ ਇਸ ਟਰੇਨਿੰਗ ਨਾਲ ਕਰਮਚਾਰੀਆਂ 'ਚ ਕੰਮ ਦੀ ਕੁਸ਼ਲਤਾ ਵਧੇਗੀ | ਇਸ ਸਮੇਂ ਡਾਕਟਰ ਹਰਿੰਦਰ ਸਿੰਘ ਸੂਦ ਨੇ ਇਸ ਸਫਲਤਾ ਪੂਰਵਕ ਟਰੇਨਿੰਗ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਮਾਹਿਰਾਂ ਦੁਆਰਾ ਦਿੱਤੀ ਇਹ ਟਰੇਨਿੰਗ ਸਿਵਲ ਹਸਪਤਾਲ ਦੀ ਸਫ਼ਾਈ ਅਤੇ ਹੋਰ ਪ੍ਰਬੰਧਾਂ ਲਈ ਸਹਾਈ ਹੋਵੇਗੀ | ਟਰੇਨਿੰਗ ਦਾ ਮੁੱਖ ਉਦੇਸ਼ ਸਫ਼ਾਈ ਕਰਮਚਾਰੀਆਂ ਨੂੰ ਪੇਸ਼ਾਵਰ ਸੁਰੱਖਿਆ, ਨਿੱਜੀ ਅਤੇ ਕਾਰਜਕਾਰੀ ਸਿਹਤ, ਸੁਰੱਖਿਆ ਉਪਕਰਨਾਂ ਦੀ ਸਹੀ ਵਰਤੋਂ, ਬਾਇਓ-ਮੈਡੀਕਲ ਵੇਸਟ ਮੈਨੇਜਮੈਂਟ ਤੇ ਸਾਫ਼ਟ ਸਕਿਲਜ਼ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕਰਨਾ ਸੀ | ਇਸ ਦੋ ਦਿਨਾਂ ਦੇ ਪ੍ਰੋਗਰਾਮ ਵਿਚ ਹਸਪਤਾਲ ਦੇ ਸਫ਼ਾਈ ਕਰਮਚਾਰੀ, ਵੇਸਟ ਹੈਂਡਲਰ, ਸੀਵਰੇਜ ਤੇ ਡਰੇਨ ਸਫ਼ਾਈ ਨਾਲ ਜੁੜੇ ਕਰਮਚਾਰੀ ਤੇ ਦੇਖਭਾਲ ਕਰਤਾ ਸ਼ਾਮਲ ਹੋਏ, ਜਿਨ੍ਹਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਟਰੇਨਿੰਗ ਦੌਰਾਨ ਭਾਗੀਦਾਰਾਂ ਨੂੰ ਸਫ਼ਾਈ ਮਿੱਤਰ ਪਾਸਪੋਰਟ, ਟਰੇਨਿੰਗ ਪੂਰੀ ਕਰਨ ਉਪਰੰਤ ਸਰਟੀਫਿਕੇਟ ਅਤੇ ਸੁਰੱਖਿਆ ਕਿੱਟ (ਦਸਤਾਨੇ, ਪਾਣੀ ਦੀ ਬੋਤਲ ਅਤੇ ਰਿਫਲੈਕਟਿਵ ਜੈਕੇਟ) ਪ੍ਰਦਾਨ ਕੀਤੀ ਗਈ | ਇਸ ਤੋਂ ਇਲਾਵਾ, ਉਨ੍ਹਾਂ ਨੂੰ ਵੱਖ-ਵੱਖ ਸਰਕਾਰੀ ਕਲਿਆਣ ਯੋਜਨਾਵਾਂ ਨਾਲ ਜੋੜਨ ਸੰਬੰਧੀ ਜਾਣਕਾਰੀ ਵੀ ਦਿੱਤੀ ਗਈ, ਤਾਂ ਜੋ ਉਨ੍ਹਾਂ ਦੀ ਲੰਬੇ ਸਮੇਂ ਦੀ ਸਮਾਜਿਕ ਤੇ ਆਰਥਿਕ ਸੁਰੱਖਿਆ ਯਕੀਨੀ ਬਣਾਈ ਜਾ ਸਕੇ | ਇਸ ਮੌਕੇ ਉੱਚ ਅਧਿਕਾਰੀਆਂ ਦੇ ਨਾਲ ਫੈਸਿਲਿਟੀ ਮੈਨੇਜਰ ਪੰਕਜ ਦੂਬੇ ਵਲੋਂ ਪ੍ਰੋਗਰਾਮ ਲਈ ਪੂਰਾ ਸਹਿਯੋਗ ਦਿੱਤਾ ਗਿਆ | ਹਾਰਪਿਕ ਵਰਲਡ ਟਾਇਲਟ ਕਾਲਜ ਤੋਂ ਸਟੇਟ ਕੋਆਰਡੀਨੇਟਰ ਜਸਵੀਰ ਸਿੰਘ ਕੰਗ ਨੇ ਦੱਸਿਆ ਕਿ ਇਹ ਪ੍ਰੋਗਰਾਮ ਸਫ਼ਾਈ ਕਰਮਚਾਰੀਆਂ ਦੇ ਗੌਰਵ, ਸੁਰੱਖਿਆ ਅਤੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ ਅਤੇ ਭਵਿੱਖ ਵਿਚ ਵੀ ਅਜਿਹੀਆਂ ਟ੍ਰੇਨਿੰਗਾਂ ਜਾਰੀ ਰਹਿਣਗੀਆਂ | ਇਹ ਟਰੇਨਿੰਗ ਕੇਂਦਰ ਸਰਕਾਰ ਦੇ 'ਸਵੱਛ ਭਾਰਤ ਅਭਿਆਨ' ਦੀ ਭਾਵਨਾ ਅਨੁਸਾਰ ਆਯੋਜਿਤ ਕੀਤੀ ਗਈ, ਜਿਸ ਦਾ ਉਦੇਸ਼ ਦੇਸ਼ ਨੂੰ ਸਾਫ਼-ਸੁਥਰਾ ਅਤੇ ਖੁੱਲ੍ਹੇ ਵਿੱਚ ਸ਼ੌਚ ਮੁਕਤ ਬਣਾਉਣਾ ਹੈ |