ਨਿਹਾਲ ਸਿੰਘ ਵਾਲਾ, 12 ਅਪ੍ਰੈਲ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਬਹੁਜਨ ਸਮਾਜ ਪਾਰਟੀ ਵਲੋਂ 'ਪੰਜਾਬ ਸੰਭਾਲੋ' ਮੁਹਿੰਮ ਤਹਿਤ ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ 'ਚ ਵਿਸ਼ਾਲ ਰੈਲੀ ਕਰਕੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਬਿਗਲ ਬਜਾਇਆ | ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੇਂਦਰੀ ਸੂਬਾ ਕੁਆਰਡੀਨੇਟਰ ਪ੍ਰਤਾਪ ਸਿੰਘ, ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ, ਨਵਾਂ ਸ਼ਹਿਰ ਦੇ ਵਿਧਾਇਕ ਨਛੱਤਰਪਾਲ ਨੇ ਕਿਹਾ ਕਿ ਇੱਕ ਪਾਸੇ ਤਾਂ ਭਗਵੰਤ ਮਾਨ ਦੀ ਸੂਬਾ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਰਹੀ ਪਰ ਦੂਜੇ ਪਾਸੇ ਅੱਜ ਪੰਜਾਬ ਸੂਬੇ ਅੰਦਰ ਨਸ਼ੇ ਦੇ ਵਗ ਰਹੇ ਦਰਿਆ ਨੇ ਵੱਡੀ ਗਿਣਤੀ 'ਚ ਨੌਜਵਾਨਾਂ ਦੀਆਂ ਕੀਮਤੀ ਜਾਨਾਂ ਲੈ ਲਈਆਂ ਹਨ | ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਡਰੱਗ ਮਾਫ਼ੀਆਂ ਨੇ ਆਪਣੀਆਂ ਜੜ੍ਹਾਂ ਬਹੁਤ ਡੂੰਘੀਆਂ ਬਣਾ ਲਈਆਂ ਹਨ | ਨਸ਼ੇ ਦੇ ਸੌਦਾਗਰਾਂ ਦਾ ਕਮਾਇਆ ਹੋਇਆ ਪੈਸਾ ਪੰਜਾਬ ਦੀ ਰਾਜਨੀਤੀ 'ਤੇ ਲੱਗ ਰਿਹਾ ਹੈ | ਉਨ੍ਹਾਂ ਸੂਬੇ ਅੰਦਰ ਰਾਜ ਕਰ ਚੁੱਕੀਆਂ ਸਰਕਾਰਾਂ 'ਤੇ ਵਰ੍ਹਦਿਆਂ ਕਿਹਾ ਕਿ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਨਸ਼ੇ ਨੂੰ ਖ਼ਤਮ ਨਹੀਂ ਕਰ ਸਕੀ ਸਗੋਂ ਦਿਨੋਂ-ਦਿਨ ਨਸ਼ੇ ਦੇ ਵਧੇ ਕਾਰੋਬਾਰ ਨੇ ਪੰਜਾਬ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ | ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਵਲੋਂ ਅਰੰਭ ਕੀਤੀ ਗਈ ਪੰਜਾਬ ਸੰਭਾਲੋ ਮੁਹਿੰਮ ਦੇ ਮਿਸ਼ਨ ਨੂੰ ਸਹਿਯੋਗ ਦੇ ਕੇ ਸੂਬੇ ਅੰਦਰ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਈਏ ਤਾਂ ਕਿ ਕਾਂਸ਼ੀ ਰਾਮ ਦੇ ਸਿਰਜੇ ਸੁਪਨਿਆਂ ਅਤੇ ਪਾਰਟੀ ਦੀ ਸੁਪਰੀਮੋ ਮਾਇਆਵਤੀ ਵਲੋਂ ਦਿੱਤੇ ਅਦੇਸਾ ਨੂੰ ਪੂਰਾ ਕੀਤਾ ਜਾ ਸਕੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਅਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਕੇਵਲ ਸਿੰਘ ਸੈਦੋਕੇ ਵਲੋਂ ਇਸ ਰੈਲੀ 'ਚ ਪੱੁਜੇ ਪਾਰਟੀ ਆਗੂਆਂ, ਅਹੁਦੇਦਾਰਾਂ ਅਤੇ ਵਰਕਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ | ਇਸ ਮੌਕੇ ਪਾਰਟੀ ਆਗੂਆਂ ਅਤੇ ਵਰਕਰਾਂ ਵਲੋਂ ਪਾਰਟੀ ਦੇ ਸੂਬਾ ਆਗੂਆਂ ਨੂੰ ਹਾਥੀ ਦਾ ਸਟੈਚੂ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ |