ਮੋਗਾ, 13 ਅਪ੍ਰੈਲ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੇ ਕੋਟਕਪੂਰਾ ਬਾਈਪਾਸ 'ਤੇ ਸਥਿਤ ਨਾਮਵਰ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਸਕੂਲ ਦਾ 21ਵਾਂ ਸਥਾਪਨਾ ਦਿਵਸ ਪ੍ਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ ਸੁਖਮਨੀ ਸਾਹਿਬ ਦੇ ਪਾਠ ਕਰਕੇ ਮਨਾਇਆ ਗਿਆ | ਉਪਰੰਤ ਅਰਦਾਸ 'ਚ ਵਿਦਿਆਰਥੀਆਂ ਦੇ ਚੰਗੇ ਭਵਿੱਖ ਤੇ ਸਕੂਲ ਦੀ ਤਰੱਕੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ | ਇਸ ਤੋਂ ਬਾਅਦ ਸਕੂਲ ਦੀ ਮੈਨੇਜਮੈਂਟ, ਸਟਾਫ਼, ਪਿ੍ੰਸੀਪਲ ਤੇ ਵਿਦਿਆਰਥੀਆਂ ਵਲੋਂ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ | ਸਕੂਲ ਵਿਚ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ | ਇਸ ਮੌਕੇ ਹਿੰਦੀ ਵਿਭਾਗ ਦੇ ਮੁਖੀ ਮੈਡਮ ਮਮਤਾ ਸ਼ਰਮਾ ਨੇ ਸਕੂਲ ਦੇ ਪਿਛੋਕੜ ਤੇ ਪ੍ਰਾਪਤੀਆਂ ਬਾਰੇ ਵਿਸਥਾਰ ਸਹਿਤ ਦੱਸਿਆ | ਤੀਸਰੀ ਅਤੇ ਛੇਵੀਂ ਜਮਾਤ ਦੇ ਬੱਚੇ ਇਸ ਦਿਨ ਰੰਗ-ਬਿਰੰਗੇ ਪਹਿਰਾਵੇ ਵਿਚ ਸਕੂਲ ਆਏ ਅਤੇ ਉਨ੍ਹਾਂ ਨੇ ਸਭਿਆਚਾਰ ਗੀਤਾਂ 'ਤੇ ਨਾਚ ਪੇਸ਼ ਕਰ ਕੇ ਆਪਣੀ ਖ਼ੁਸ਼ੀ ਨੂੰ ਪ੍ਰਗਟ ਕੀਤਾ | ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸਕੂਲ ਨੇ 2005 ਵਿਚ ਆਪਣੇ ਪਹਿਲੇ ਸੈਸ਼ਨ ਦੀ ਸਫਲਤਾ ਪੂਰਵਕ ਸ਼ੁਰੂਆਤ ਕੀਤੀ ਸੀ | ਇਸ ਮੌਕੇ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ, ਜਨਰਲ ਸੈਕਟਰੀ ਪਰਮਜੀਤ ਕੌਰ, ਪ੍ਰੈਜ਼ੀਡੈਂਟ ਕੁਲਦੀਪ ਸਿੰਘ ਸਹਿਗਲ, ਵਾਈਸ ਪ੍ਰੈਜ਼ੀਡੈਂਟ ਡਾ. ਇਕਬਾਲ ਸਿੰਘ, ਮੈਡਮ ਪੇਮਿੰਦਰ ਕੌਰ ਤੇ ਸਮੁੱਚੀ ਮੈਨੇਜਮੈਂਟ ਨੇ ਸਾਰੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸਕੂਲ ਦੇ 21ਵੇਂ ਸਥਾਪਨਾ ਦਿਵਸ ਦੀ ਵਧਾਈ ਦਿੱਤੀ |