ਕਿਸ਼ਨਪੁਰਾ ਕਲਾਂ, 14 ਅਪ੍ਰੈਲ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ ਨੂੰ ਖ਼ਤਮ ਕਰਨ ਵਾਲੇ ਬਹੁਤ ਆਏ, ਪਰ ਕੁਰਬਾਨੀਆਂ ਨਾਲ ਭਰੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਕਦੇ ਵੀ ਹਾਰ ਨਹੀਂ ਮੰਨੀ ਅਤੇ ਮੁੜ ਪਾਰਟੀ ਹੋਰ ਮਜ਼ਬੂਤ ਹੋ ਕੇ ਨਿਕਲੀ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਤਲਵੰਡੀ ਭੰਗੇਰੀਆਂ, ਐਮ.ਡੀ. ਡਾ. ਗੁਰਪ੍ਰੀਤ ਸਿੰਘ ਢਿੱਲੋਂ ਤੇ ਸੀਨੀਅਰ ਅਕਾਲੀ ਆਗੂ ਸਾਬਕਾ ਸਰਪੰਚ ਪਰਮਿੰਦਰ ਸਿੰਘ ਭੁੱਲਰ ਨਸੀਰੇ ਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ ਦੇਖ ਕੇ ਵਿਰੋਧੀ ਘਬਰਾਏ ਹੋਏ ਹਨ | ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਬਹੁਤ ਹੀ ਗੌਰਵਮਈ ਤੇ ਵਿਲੱਖਣ ਹੈ, ਇਸ ਵਿਚ ਸਾਡੇ ਬਜ਼ੁਰਗਾਂ ਦਾ ਲਹੂ, ਸਿੰਜਿਆ ਹੋਇਆ ਹੈ | ਅੱਜ ਜਿਹੜੀਆਂ ਪੰਜਾਬ ਵਿਰੋਧੀ ਤਾਕਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਢਾਅ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਸ਼ਾਇਦ ਉਹ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਤੋਂ ਵਾਕਫ਼ ਨਹੀਂ ਹਨ | ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਤੇ ਸਾਬਕਾ ਸਰਪੰਚ ਪਰਮਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਵਿਕਾਸ ਦੇ ਮਸੀਹਾ ਦੇ ਨਾਂਅ ਨਾਲ ਜਾਣੇ ਜਾਂਦੇ ਸਵਰਗਵਾਸੀ ਜਥੇਦਾਰ ਤੋਤਾ ਸਿੰਘ ਦੇ ਫੁਲਵਾੜੀ ਦਾ ਫ਼ੁੱਲ ਬਰਜਿੰਦਰ ਸਿੰਘ ਮੱਖਣ ਬਰਾੜ ਮੁੜ ਸ਼੍ਰੋਮਣੀ ਅਕਾਲੀ ਦਲ ਬਾਦਲ 'ਚ ਸ਼ਾਮਿਲ ਹੋਣ ਨਾਲ ਸਾਡੇ ਹੌਂਸਲੇ ਹੋਰ ਬੁਲੰਦ ਹੋਏ ਹਨ | ਉਨ੍ਹਾਂ ਕਿਹਾ ਕਿ ਮੈਂ ਸਮੁੱਚੀ ਸੰਗਤ ਨੂੰ ਅਪੀਲ ਕਰਦਾ ਹਾਂ ਕਿ ਅਸੀਂ ਆਪਣੀ ਖੇਤਰੀ ਪਾਰਟੀ ਦਾ ਦਿ੍ੜ੍ਹਤਾ ਨਾਲ ਸਾਥ ਦੇਈਏ ਤੇ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਕੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾ ਦਈਏ | ਇਸ ਮੌਕੇ ਨੰਬਰਦਾਰ ਗੁਰਜਿੰਦਰ ਸਿੰਘ ਜੀਂਦੜਾ, ਰਣਜੀਤ ਸਿੰਘ ਮੱਲ੍ਹੀ, ਬਲਦੇਵ ਸਿੰਘ ਦੇਬੀ, ਪ੍ਰਧਾਨ ਗੁਰਚਰਨ ਸਿੰਘ ਚੰਨਾ ਆਦਿ ਹਾਜ਼ਰ ਸਨ |