10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਪਿੰਡਾਂ 'ਚ ਟਰਾਂਸਫ਼ਾਰਮਰ ਤੇ ਕੇਬਲਾਂ ਚੋਰੀ ਕਰਨ ਵਾਲੇ ਗਰੋਹ ਦੇ 2 ਮੈਂਬਰ ਕਾਬੂ <br/>

Ad Position 21
No active advertisement
ਅਜੀਤ ਡੈਸਕ 16-04-2026
ਠੱਠੀ ਭਾਈ, 15 ਅਪ੍ਰੈਲ (ਜਗਰੂਪ ਸਿੰਘ ਮਠਾੜੂ)-ਥਾਣਾ ਸਮਾਲਸਰ ਹੇਠਲੇ ਪਿੰਡ ਸੇਖਾ ਕਲਾਂ, ਠੱਠੀ ਭਾਈ ਤੇ ਵੈਰੋਕੇ ਇਲਾਕੇ ਵਿਚ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਕਿਸਾਨਾਂ ਦੀਆਂ ਮੋਟਰਾਂ ਦੀਆਂ ਕੇਬਲਾਂ ਵੱਢਣ ਵਾਲੇ ਸਰਗਰਮ ਗਰੋਹ ਦੇ ਦੋ ਮੈਂਬਰਾਂ ਜਿਨ੍ਹਾਂ ਨੇ ਆਪਣੀ ਪਹਿਚਾਣ ਫਰੀਦਕੋਟ ਜ਼ਿਲੇ੍ਹ ਦੇ ਪਿੰਡ ਬਰਗਾੜੀ ਦੇ ਵਸਨੀਕ ਵਜੋਂ ਦੱਸੀ ਹੈ, ਨੂੰ ਆਖ਼ਰਕਾਰ ਅੱਜ ਸਵੇਰੇ 4 ਵਜੇ ਦੇ ਕਰੀਬ ਕਿਸਾਨਾਂ ਤੇ ਟੋਲ ਪਲਾਜ਼ੇ ਦੇ ਸੁਰੱਖਿਆ ਕਰਮਚਾਰੀਆਂ ਦੀ ਸੂਝ ਬੂਝ ਨਾਲ ਕਾਬੂ ਕਰ ਲਿਆ ਗਿਆ | ਕਾਬੂ ਕੀਤੇ ਗਏ ਇਨ੍ਹਾਂ 2 ਮੈਂਬਰਾਂ ਨੇ ਆਪਣੇ 15 ਮੈਂਬਰੀ ਗਰੋਹ ਦੇ ਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਇਸ ਇਲਾਕੇ ਦੇ ਲਗਭਗ ਸਾਰੇ ਪਿੰਡਾਂ 'ਚ ਕੇਬਲਾਂ ਚੋਰੀ ਕਰ ਚੁੱਕੇ ਹਨ | ਉਨ੍ਹਾਂ ਹੋਰ ਵੱਡੇ ਖ਼ੁਲਾਸੇ ਕਰਦਿਆਂ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ 'ਤੇ ਸਵਾਲੀਆ ਚਿੰਨ੍ਹ ਖੜੇ ਕਰਦਿਆਂ ਕਿਹਾ ਕਿ ਇਹ ਚੋਰੀਆਂ ਉਹ ਚਿੱਟੇ ਦੀ ਲੱਗੀ ਹੋਈ ਲੱਤ ਦੀ ਪੂਰਤੀ ਲਈ ਕਰਦੇ ਹਨ | ਜਦ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਇਹ ਚਿੱਟਾ ਉਨ੍ਹਾਂ ਨੂੰ ਕਿੱਥੋਂ ਮਿਲਦਾ ਹੈ ਤਾਂ ਉਨ੍ਹਾਂ ਕਿਹਾ ਕਿ ਸਾਡੇ ਬਰਗਾੜੀ ਜਿੰਨਾ ਮਰਜ਼ੀ ਲੈ ਲਓ | ਇਨ੍ਹਾਂ ਚੋਰਾਂ ਦੇ ਕਾਬੂ ਆਉਣ ਨਾਲ ਜਿੱਥੇ ਕਿਸਾਨਾਂ ਨੂੰ ਕੁਝ ਰਾਹਤ ਮਿਲੀ ਹੈ, ਉੱਥੇ ਪੁਲਿਸ ਦੀ ਸੁਸਤ ਕਾਰਵਾਈ ਨੂੰ ਲੈ ਕੇ ਭਾਰੀ ਰੋਸ ਵੀ ਦੇਖਣ ਨੂੰ ਮਿਲਿਆ | ਕਿਸਾਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗਰੋਹ ਪਿਛਲੇ ਕਰੀਬ ਇਕ ਮਹੀਨੇ ਤੋਂ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਸੀ ਅਤੇ ਹੁਣ ਤੱਕ ਸੇਖਾ ਕਲਾਂ, ਠੱਠੀ ਭਾਈ, ਵੈਰੋ ਕੇ ਸਮੇਤ ਆਲੇ-ਦੁਆਲੇ ਦੇ ਪਿੰਡਾਂ ਵਿਚ ਸੈਂਕੜੇ ਕਿਸਾਨਾਂ ਦੀਆਂ ਮੋਟਰਾਂ ਦੀਆਂ ਕੇਬਲਾਂ ਵੱਢ ਚੁੱਕਾ ਸੀ | ਕਿਸਾਨਾਂ ਨੇ ਦੱਸਿਆ ਕਿ ਟਰਾਂਸਫ਼ਾਰਮਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਜਿਸ ਕਾਰਨ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ | ਪਹਿਲਾਂ ਵੀ ਕਈ ਵਾਰ ਕਿਸਾਨਾਂ ਵਲੋਂ ਚੋਰੀਆਂ ਸਬੰਧੀ ਥਾਣਾ ਸਮਾਲਸਰ ਪੁਲਿਸ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ ਸਨ, ਪਰ ਕੋਈ ਢੁਕਵੀਂ ਕਾਰਵਾਈ ਨਹੀਂ ਹੋ ਸਕੀ | ਅੱਜ ਤੜਕੇ ਕਰੀਬ 4 ਵਜੇ ਜਦੋਂ ਇਹ ਚੋਰ ਦੁਬਾਰਾ ਪਿੰਡ ਸੇਖਾ ਕਲਾਂ ਦੇ ਖੇਤਰ ਵਿਚ ਕੇਬਲਾਂ ਵੱਢਣ ਤੋਂ ਬਾਅਦ ਸੇਖਾ ਕਲਾਂ ਤੇ ਵੈਰੋਕੇ ਦਰਮਿਆਨ ਨਵੇਂ ਰੋਡ 'ਤੇ ਬਣੇ ਟੋਲ ਪਲਾਜੇ 'ਤੇ ਖੜ੍ਹੇ ਵਾਹਨਾਂ ਦੀਆਂ ਬੈਟਰੀਆਂ ਚੋਰੀ ਕਰਨ ਲੱਗੇ ਤਾਂ ਉੱਥੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਸਹੀ ਸਮੇਂ 'ਤੇ ਚੌਕਸੀ ਦਿਖਾਉਂਦਿਆਂ ਉਨ੍ਹਾਂ ਨੂੰ ਅੜਿੱਕੇ 'ਚ ਲੈ ਲਿਆ | ਇਸ ਦੀ ਖ਼ਬਰ ਜਿਵੇਂ ਹੀ ਪਿੰਡਾਂ ਵਿਚ ਫੈਲੀ ਤਾਂ ਸੇਖਾ ਕਲਾਂ, ਠੱਠੀ ਭਾਈ, ਵੈਰੋਕੇ ਤੇ ਨੇੜਲੇ ਪਿੰਡਾਂ ਦੇ ਸੈਂਕੜੇ ਕਿਸਾਨ ਮੌਕੇ 'ਤੇ ਇਕੱਠੇ ਹੋ ਗਏ | ਕਿਸਾਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਉਹੀ ਗਰੋਹ ਹੈ ਜੋ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਚੋਰੀਆਂ ਕਰ ਰਿਹਾ ਸੀ ਤੇ ਪੁਲਿਸ ਉਨ੍ਹਾਂ ਨੂੰ ਕਾਬੂ ਕਰਨ ਵਿਚ ਨਾਕਾਮ ਰਹੀ ਸੀ | ਇਸ ਸਬੰਧੀ ਥਾਣਾ ਸਮਾਲਸਰ ਪੁਲਿਸ ਨੂੰ ਮੂੰਹ ਹਨੇਰੇ ਹੀ ਸੂਚਿਤ ਕਰ ਦਿੱਤਾ ਗਿਆ ਸੀ, ਪਰ ਕਿਸਾਨਾਂ ਦਾ ਦੋਸ਼ ਹੈ ਕਿ ਪੁਲਿਸ ਲਗਭਗ ਦੋ ਘੰਟਿਆਂ ਤੋਂ ਵੱਧ ਦੀ ਦੇਰੀ ਨਾਲ, ਸਵੇਰੇ ਕਰੀਬ 6:35 ਵਜੇ ਮੌਕੇ 'ਤੇ ਪਹੁੰਚੀ | ਇਸ ਦੇਰੀ ਕਾਰਨ ਕਿਸਾਨਾਂ ਵਿਚ ਪੁਲਿਸ ਪ੍ਰਸ਼ਾਸਨ ਪ੍ਰਤੀ ਭਾਰੀ ਨਾਰਾਜ਼ਗੀ ਦੇਖਣ ਨੂੰ ਮਿਲੀ | ਮੌਕੇ 'ਤੇ ਇਕੱਠੇ ਹੋਏ ਕਿਸਾਨਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਪੁਲਿਸ ਪਹਿਲਾਂ ਹੀ ਸਖ਼ਤੀ ਦਿਖਾਉਂਦੀ ਤਾਂ ਇਨ੍ਹਾਂ ਚੋਰੀਆਂ ਨੂੰ ਰੋਕਿਆ ਜਾ ਸਕਦਾ ਸੀ ਅਤੇ ਕਿਸਾਨਾਂ ਨੂੰ ਵੱਡੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਸੀ | ਉਨ੍ਹਾਂ ਨੇ ਮੰਗ ਕੀਤੀ ਕਿ ਕਾਬੂ ਕੀਤੇ ਗਏ ਚੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਇਲਾਕੇ ਵਿਚ ਰਾਤ ਸਮੇਂ ਪੁਲਿਸ ਗਸ਼ਤ ਵਧਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਰਣਜੀਤ ਸਿੰਘ ਸਰਗੋਧੀਆ ਨਮਿਤ ਕੀਰਤਨ ਤੇ ਅੰਤਿਮ ਅਰਦਾਸ 17 ਅਪ੍ਰੈਲ <br/> ਅਗਲੀ ਖ਼ਬਰ ਕੇਂਦਰੀ ਏਜੰਸੀਆਂ ਵਲੋਂ ਕਣਕ ਦੀ ਖਰੀਦ ਨਾ ਕਰਨ ਖਿਲਾਫ ਭਲਕੇ ਆਜ਼ਾਦ ਕਿਸਾਨ ਮੋਰਚੇ ਵਲੋਂ ਕੀਤਾ ਜਾਵੇਗਾ ਰੇਲਾਂ ਦਾ ਚੱਕਾ...
Ad Position 24