ਠੱਠੀ ਭਾਈ, 16 ਅਪ੍ਰੈਲ (ਜਗਰੂਪ ਸਿੰਘ ਮਠਾੜੂ)-ਸੁਖਾਨੰਦ ਬਿਜਲੀ ਗਰਿੱਡ ਤੋਂ ਸ਼ਹਿਰੀ ਬਿਜਲੀ ਸਪਲਾਈ ਲੈਣ ਵਾਲੇ ਪਿੰਡ ਚੀਦਾ, ਠੱਠੀ ਭਾਈ ਅਤੇ ਮੌੜ ਨੌਂ ਆਬਾਦ ਦੇ ਵਾਸੀ ਅੱਜ ਕੱਲ੍ਹ ਲੱਗਦੇ ਲੰਮੇ ਬਿਜਲੀ ਕੱਟਾਂ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ | ਪਿੰਡ ਵਾਸੀਆਂ ਨੇ ਦੱਸਿਆ ਕਿ ਜਿੱਥੇ ਦਿਨ ਦੇ ਸਮੇਂ ਕਣਕਾਂ ਦੀ ਕਟਾਈ ਦੇ ਚੱਲਦੇ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਬੰਦ ਰੱਖੀ ਜਾਂਦੀ ਹੈ, ਉੱਥੇ ਸ਼ਾਮ ਦੇ ਸਮੇਂ ਵੀ ਹਾਲਤ ਵਿਚ ਕੋਈ ਸੁਧਾਰ ਨਹੀਂ ਆ ਰਿਹਾ | ਉਨ੍ਹਾਂ ਦੱਸਿਆ ਕਿ ਸ਼ਾਮ 6 ਵਜੇ ਤੋਂ ਬਾਅਦ ਵੀ ਬਿਜਲੀ ਦੀ ਸਪਲਾਈ ਨਿਰੰਤਰ ਨਹੀਂ ਮਿਲ ਰਹੀ ਅਤੇ ਰਾਤ ਦੇ 1-2 ਵਜੇ ਤੱਕ ਲੱਗਦੇ ਕੱਟ ਲੋਕਾਂ ਲਈ ਵੱਡੀ ਸਮੱਸਿਆ ਬਣੇ ਹੋਏ ਹਨ | ਮੌਸਮ ਵਿਚ ਅਚਾਨਕ ਆਈ ਗਰਮੀ ਦੇ ਵਾਧੇ ਕਾਰਨ ਘਰਾਂ ਵਿਚ ਬਿਨਾਂ ਬਿਜਲੀ ਰਹਿਣਾ ਮੁਸ਼ਕਲ ਹੋ ਗਿਆ ਹੈ, ਉੱਪਰੋਂ ਮੱਛਰਾਂ ਦੀ ਭਰਮਾਰ ਨੇ ਹਾਲਾਤ ਹੋਰ ਵੀ ਗੰਭੀਰ ਕਰ ਦਿੱਤੇ ਹਨ | ਪਿੰਡ ਵਾਸੀਆਂ ਨੇ ਦੱਸਿਆ ਕਿ ਬੱਚਿਆਂ, ਬਜ਼ੁਰਗਾਂ ਅਤੇ ਮਰੀਜ਼ਾਂ ਲਈ ਵੀ ਇਹ ਸਥਿਤੀ ਕਾਫ਼ੀ ਪ੍ਰੇਸ਼ਾਨੀ ਵਾਲੀ ਬਣ ਗਈ ਹੈ | ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਕਈ ਵਾਰ ਬਿਨਾਂ ਕਿਸੇ ਜਾਣਕਾਰੀ ਦੇ ਹੀ ਬਿਜਲੀ ਬੰਦ ਕਰ ਦਿੱਤੀ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਦੇ ਰੋਜ਼ਾਨਾ ਦੇ ਕੰਮ ਪ੍ਰਭਾਵਿਤ ਹੁੰਦੇ ਹਨ | ਲੋਕਾਂ ਨੇ ਮੰਗ ਕੀਤੀ ਕਿ ਜੇਕਰ ਕੱਟ ਲਗਾਉਣੇ ਲਾਜ਼ਮੀ ਹਨ ਤਾਂ ਘੱਟੋ-ਘੱਟ ਇਕ ਨਿਰਧਾਰਿਤ ਸਮਾਂ-ਸੂਚੀ ਜਾਰੀ ਕੀਤੀ ਜਾਵੇ ਤਾਂ ਜੋ ਲੋਕ ਆਪਣਾ ਕੰਮ ਉਸ ਅਨੁਸਾਰ ਕਰ ਸਕਣ | ਇਸ ਸਬੰਧੀ ਇਲਾਕਾ ਵਾਸੀਆਂ ਨੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਕਰਦੇ ਹੋਏ ਰਾਤ ਦੇ ਸਮੇਂ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ, ਤਾਂ ਜੋ ਲੋਕਾਂ ਨੂੰ ਇਸ ਗਰਮੀ ਵਿਚ ਰਾਹਤ ਮਿਲ ਸਕੇ |