ਮੋਗਾ, 21 ਅਪ੍ਰੈਲ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ-163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਦੀ ਮਾਲੀਆ ਹਦੂਦ ਅੰਦਰ ਕਿਸੇ ਵੀ ਰੈਸਟੋਰੈਂਟ, ਹੋਟਲ, ਕੈਫ਼ੇ ਜਾਂ ਹੋਰ ਸੰਸਥਾ ਵਲੋਂ ਕਿਸੇ ਵੀ ਤਰ੍ਹਾਂ ਦੀ ਇਲੈਕਟ੍ਰਾਨਿਕ ਸਿਗਰਟ (ਈ-ਸਿਗਰਟ), ਵੇਪਸ, ਨਿਕੋਟੀਨ ਜਾਂ ਹੋਰ ਹਾਨੀਕਾਰਕ ਰਸਾਇਣ ਵਾਲੇ ਉਪਕਰਨਾਂ ਨੂੰ ਸਟੋਰ ਕਰਨ, ਵੇਚਣ, ਪ੍ਰਚਾਰਿਤ ਕਰਨ, ਵਰਤੋਂ ਉੱਪਰ ਪੂਰਨ ਪਾਬੰਦੀ ਲਗਾਈ ਗਈ ਹੈ | ਜ਼ਿਲ੍ਹਾ ਮੈਜਿਸਟ੍ਰੇਟ ਸਾਗਰ ਸੇਤੀਆ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਜਨਤਕ ਸਿਹਤ ਅਤੇ ਕਲਿਆਣ ਲਈ ਖ਼ਤਰਾ ਬਣ ਸਕਦੀਆਂ ਹਨ ਕਿਉਂਕਿ ਇਲੈਕਟ੍ਰਾਨਿਕ ਸਿਗਰਟਾਂ (ਈ-ਸਿਗਰਟ), ਵੇਪਸ ਅਤੇ ਇਸ ਤਰ੍ਹਾਂ ਦੇ ਹੋਰ ਉਪਕਰਨਾਂ ਵਿਚ ਨਿਕੋਟੀਨ ਅਤੇ ਹੋਰ ਹਾਨੀਕਾਰਕ ਰਸਾਇਣ ਮੌਜੂਦ ਹੁੰਦੇ ਹਨ, ਮਨੁੱਖੀ ਸਿਹਤ ਲਈ, ਖ਼ਾਸ ਕਰ ਕੇ ਸਕੂਲ/ਕਾਲਜ ਦੇ ਵਿਦਿਆਰਥੀਆਂ ਅਤੇ ਨਾਬਾਲਿਗਾਂ ਲਈ ਗੰਭੀਰ ਖ਼ਤਰਾ ਪੈਦਾ ਕਰ ਸਕਦੇ ਹਨ | ਈ-ਸਿਗਰਟਾਂ/ਵੇਪਸ ਦੀ ਵਰਤੋਂ ਇਲੈਕਟ੍ਰਾਨਿਕ ਸਿਗਰਟਾਂ ਦੇ ਪਾਬੰਦੀ ਕਾਨੂੰਨ-2019 ਕੋਟਪਾ (ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਕਾਨੂੰਨ), ਐਫ.ਐਸ.ਐਸ.ਏ.ਆਈ. ਨਿਯਮ ਅਤੇ ਡਰੱਗਜ਼ ਐਂਡ ਕੋਸਮੈਟਿਕਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੀ ਉਲੰਘਣਾ ਕਰਦੀ ਹੈ, ਕਿਉਂਕਿ ਇਹ ਉਪਕਰਨ ਨਿਕੋਟੀਨ ਅਤੇ ਹੋਰ ਆਦਤ ਪੈਦਾ ਕਰਨ ਵਾਲੇ ਜਾਂ ਹਾਨੀਕਾਰਕ ਪਦਾਰਥ ਰੱਖਦੇ ਹਨ | ਸੰਸਥਾਵਾਂ ਨੂੰ ਗਾਹਕਾਂ ਨੂੰ ਵੇਪਸ ਜਾਂ ਈ-ਸਿਗਰਟਾਂ ਪੇਸ਼ ਕਰਨ ਜਾਂ ਵਰਤੋਂ ਦੀ ਆਗਿਆ ਦੇਣ ਤੋਂ ਪੂਰੀ ਤਰ੍ਹਾਂ ਮਨਾਹੀ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਇਹ ਆਦੇਸ਼ ਪੂਰੇ ਜ਼ਿਲ੍ਹੇ ਮੋਗਾ ਵਿਚ ਲਾਗੂ ਹੋਵੇਗਾ, ਜਿਸ ਵਿਚ ਮਿਊਾਸੀਪਲ ਕਾਰਪੋਰੇਸ਼ਨ, ਮਿਊਾਸੀਪਲ ਕਮੇਟੀਆਂ ਅਤੇ ਪਿੰਡਾਂ ਦੇ ਇਲਾਕੇ ਸ਼ਾਮਿਲ ਹਨ | ਇਹ ਪਾਬੰਦੀ ਦੇ ਆਦੇਸ਼ 20 ਜੂਨ 2026 ਤੱਕ ਲਾਗੂ ਰਹਿਣਗੇ |