ਫ਼ਰੀਦਕੋਟ, 24 ਅਪ੍ਰੈਲ (ਸਰਬਜੀਤ ਸਿੰਘ)-ਇੱਥੋਂ ਦੀ ਮਾਡਰਨ ਕੇਂਦਰੀ ਜੇਲ੍ਹ 'ਚ ਜੇਲ੍ਹ ਅਧਿਕਾਰੀਆਂ ਵਲੋਂ ਅਚਾਨਕ ਜੇਲ੍ਹ ਦੀਆਂ ਬੈਰਕਾਂ ਦੀ ਕੀਤੀ ਗਈ ਤਲਾਸ਼ੀ ਦੌਰਾਨ 9 ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ | ਪੁਲਿਸ ਵਲੋਂ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ 6 ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ | ਪ੍ਰਾਪਤ ਸੂਚਨਾ ਅਨੁਸਾਰ ਭਿਵਮ ਤੇਜ ਸਿੰਗਲਾ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ, ਫ਼ਰੀਦਕੋਟ ਵਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਕਿ ਜੇਲ੍ਹ ਦੀਆਂ ਬੈਰਕਾਂ ਦੀ ਅਚਾਨਕ ਤਲਾਸ਼ੀ ਲਈ ਗਈ ਤਾਂ 6 ਹਵਾਲਾਤੀਆਂ ਪਾਸੋਂ 9 ਮੋਬਾਈਲ ਫ਼ੋਨ ਬਰਾਮਦ ਹੋਏ ਹਨ | ਜੋ ਕਿ ਜੇਲ੍ਹ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਹੈ | ਸਹਾਇਕ ਥਾਣੇਦਾਰ ਗੁਰਪਾਲ ਸਿੰਘ ਨੇ ਦੱਸਿਆ ਕਿ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ 9 ਹਵਾਲਾਤੀਆਂ ਹਵਾਲਾਤੀ ਜਸ਼ਨਦੀਪ ਸਿੰਘ ਪੁੱਤਰ ਕਮਲਜੀਤ ਸਿੰਘ, ਹਵਾਲਾਤੀ ਰਵਿੰਦਰ ਸਿੰਘ ਰਵੀ ਪੁੱਤਰ ਕਰਨੈਲ ਸਿੰਘ, ਹਵਾਲਾਤੀ ਸੁਖਪਾਲ ਸਿੰਘ ਉਰਫ ਬੇਬੀ ਪੁੱਤਰ ਅੰਮਿ੍ਤਪਾਲ ਸਿੰਘ, ਹਵਾਲਾਤੀ ਸਰਬਜੀਤ ਸਿੰਘ ਪੁੱਤਰ ਕੁਲਦੀਪ ਸਿੰਘ, ਹਵਾਲਾਤੀ ਅਰਜਨ ਸਿੰਘ ਪੁੱਤਰ ਗੁਰਮੇਲ ਸਿੰਘ ਤੇ ਹਵਾਲਾਤੀ ਲਵਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਖ਼ਿਲਾਫ਼ ਥਾਣਾ ਸਿਟੀ, ਫ਼ਰੀਦਕੋਟ ਵਿਖੇ ਜੇਲ੍ਹ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਮੋਬਾਈਲ ਫੋਨ ਜੇਲ੍ਹ ਵਿਚ ਕਿਸ ਤਰ੍ਹਾਂ ਪਹੁੰਚੇ |