ਕਿਸ਼ਨਪੁਰਾ ਕਲਾਂ, 8 ਮਈ (ਅਮੋਲਕ ਸਿੰਘ ਕਲਸੀ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਹਰ ਸਾਲ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਵਾਲੇ ਦਿਨਾਂ ਵਿਚ ਪਲੇਅ ਵੇਅ ਤੋਂ ਚੌਥੀ ਜਮਾਤ ਦੇ ਵਿਦਿਆਰਥੀਆਂ ਲਈ 'ਫਨ ਮੇਲਾ' ਕਰਵਾਇਆ ਗਿਆ | ਇਸ ਵਿਚ ਸਕੂਲ ਦੇ ਵਿਸ਼ਾਲ ਮੈਦਾਨ ਵਿਚ ਬਹੁਤ ਸਾਰੇ ਝੂਲੇ, ਸਵਿਮਿੰਗ ਪੂਲ, ਰਿੰਗ ਗੇਮਜ਼, ਬੱਚਿਆਂ ਲਈ ਟਰੇਨ, ਮਿੱਕੀ ਮਾਊਸ ਆਦਿ ਦਾ ਪ੍ਰਬੰਧ ਕੀਤਾ ਗਿਆ, ਜਿਸ ਦਾ ਵਿਦਿਆਰਥੀਆਂ ਨੇ ਭਰਪੂਰ ਆਨੰਦ ਮਾਣਿਆਂ | ਬੱਚਿਆਂ ਵਿਚਲਾ ਉਤਸ਼ਾਹ ਦੱਸ ਰਿਹਾ ਸੀ ਕਿ ਉਹ ਇਸ ਗਤੀਵਿਧੀ ਦਾ ਬਹੁਤ ਆਨੰਦ ਲੈ ਰਹੇ ਹਨ | ਉਨ੍ਹਾਂ ਵਲੋਂ ਅਲੱਗ-ਅਲੱਗ ਗਤੀਵਿਧੀਆਂ ਵਿਚ ਆਪਣੀਆਂ ਯਾਦਗਾਰ ਤਸਵੀਰਾਂ ਵੀ ਖਿਚਵਾਈਆਂ ਗਈਆਂ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ. ਨਵਨੀਤ ਕੌਰ ਨੇ ਬੱਚਿਆਂ ਨੂੰ ਖ਼ੁਸ਼ੀ ਅਤੇ ਮਸਤੀ ਕਰਦੇ ਦੇਖਦੇ ਹੋਏ ਕਿਹਾ ਕਿ ਅੱਜ ਦਾ ਦਿਨ ਉਹ ਆਪਣੀ ਪੜ੍ਹਾਈ ਤੋਂ ਕੁਝ ਸਮੇਂ ਲਈ ਮੁਕਤ ਹੋ ਕੇ ਪੂਰੀ ਤਰ੍ਹਾਂ ਆਨੰਦ ਮਾਣ ਰਹੇ ਹਨ | ਅਜਿਹੇ ਦਿਨ ਮਨਾਉਣ ਦਾ ਮਕਸਦ ਬੱਚਿਆਂ ਦੇ ਮਾਨਸਿਕ ਪੱਧਰ ਨੂੰ ਉੱਚਾ ਚੁੱਕਣਾ ਅਤੇ ਉਨ੍ਹਾਂ ਨੂੰ ਤਾਜ਼ਗੀ ਪ੍ਰਦਾਨ ਕਰਨਾ ਹੈ | ਵਿਦਿਆਰਥੀ ਜੀਵਨ ਵਿਚ ਪੜ੍ਹਾਈ ਦੇ ਨਾਲ-ਨਾਲ ਬਚਪਨ ਦੇ ਸੁਹਾਣੇ ਪਲਾਂ ਦਾ ਆਨੰਦ ਲੈਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ | ਇਸੇ ਕਰਕੇ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਇਸ ਦਿਨ ਦਾ ਆਯੋਜਨ ਕਰਨਾ ਸਕੂਲ ਵਲੋਂ ਇਕ ਵਧੀਆ ਉਪਰਾਲਾ ਸਮਝਿਆ ਗਿਆ ਤਾਂ ਜੋ ਬੱਚੇ ਆਪਣੇ ਥਕਾਵਟ ਭਰੇ ਰੁਟੀਨ ਤੋਂ ਕੁਝ ਸਮੇਂ ਲਈ ਦੂਰ ਹੋ ਸਕਣ | ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਵੀ ਬੱਚਿਆਂ ਨੂੰ ਮਸਤੀ ਵਿਚ ਡੁੱਬੇ ਹੋਏ ਦੇਖ ਕੇ ਕਿਹਾ ਕਿ ਇਹ ਦਿਨ ਬੱਚਿਆਂ ਲਈ ਬਹੁਤ ਹੀ ਮਨੋਰੰਜਕ ਅਤੇ ਯਾਦਗਾਰ ਸਾਬਤ ਹੋਇਆ ਹੈ |